Mohali News : ਮੀਤ ਹੇਅਰ ਦੀ ਸਰਬਸੰਮਤੀ ਨਾਲ ਪੀਸੀਏ ਦੇ ਆਨਰੇਰੀ ਸਕੱਤਰ ਵਜੋਂ ਚੋਣ
ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਕਰਵਾਈ ਗਈ ਵਿਸ਼ੇਸ਼ ਜਨਰਲ ਬਾਡੀ ਬੈਠਕ (ਐੱਸਜੀਐੱਮ) ਅਤੇ ਆਨਰੇਰੀ ਸਕੱਤਰ ਦੇ ਅਹੁਦੇ ਦੀਆਂ ਚੋਣਾਂ ਵਿਚ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਨਿਰ-ਵਿਰੋਧ ਆਨਰੇਰੀ ਸਕੱਤਰ ਵਜੋਂ ਚੁਣਿਆ ਗਿਆ ਹੈ।
Publish Date: Sat, 21 Mar 2026 06:59 PM (IST)
Updated Date: Sat, 21 Mar 2026 07:01 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਵੱਲੋਂ ਕਰਵਾਈ ਗਈ ਵਿਸ਼ੇਸ਼ ਜਨਰਲ ਬਾਡੀ ਬੈਠਕ (ਐੱਸਜੀਐੱਮ) ਅਤੇ ਆਨਰੇਰੀ ਸਕੱਤਰ ਦੇ ਅਹੁਦੇ ਦੀਆਂ ਚੋਣਾਂ ਵਿਚ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਨਿਰ-ਵਿਰੋਧ ਆਨਰੇਰੀ ਸਕੱਤਰ ਵਜੋਂ ਚੁਣਿਆ ਗਿਆ ਹੈ।
ਪੀਸੀਏ ਨਿਊ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਹੋਈਆਂ ਚੋਣਾਂ ਵਿਚ ਚੋਣ ਅਧਿਕਾਰੀ, ਜਗਪਾਲ ਸਿੰਘ ਸੰਧੂ ਨੇ ਮੀਤ ਹੇਅਰ ਨੂੰ ਨਿਰ-ਵਿਰੋਧ ਪੀਸੀਏ ਦੇ ਆਨਰੇਰੀ ਸਕੱਤਰ ਚੁਣੇ ਜਾਣ ਦਾ ਐਲਾਨ ਕੀਤਾ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਉਨ੍ਹਾਂ ਵਿਚ ਭਰੋਸਾ ਜਤਾਉਣ ਲਈ ਦਿਲੋਂ ਧੰਨਵਾਦ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਉਹ ਇਸ ਸਮਰਥਨ ਲਈ ਬਹੁਤ ਰਿਣੀ ਹਨ ਅਤੇ ਪੰਜਾਬ ਵਿਚ ਕ੍ਰਿਕਟ ਦੇ ਵਿਕਾਸ ਅਤੇ ਉੱਤਮਤਾ ਲਈ ਆਪਣੀ ਦ੍ਰਿੜ ਵਚਨਬੱਧਤਾ ਦਾ ਭਰੋਸਾ ਦਿੰਦੇ ਹਨ।
ਮੀਤ ਹੇਅਰ ਨੇ ਕਿਹਾ ਕਿ ਮੈਂ ਪੰਜਾਬ ਦੇ ਦੂਰ-ਦੁਰਾਡੇ ਖੇਤਰਾਂ ਵਿਚ ਵੀ ਕ੍ਰਿਕਟ ਵਿਕਾਸ ਪਹਿਲਕਦਮੀਆਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਉਹ ਮਜ਼ਬੂਤ ਕ੍ਰਿਕਟ ਈਕੋਸਿਸਟਮ ਬਣਾਉਣ ਲਈ ਸਾਰਿਆਂ ਦੇ ਸੁਹਿਰਦ ਸਮਰਥਨ ਦੀ ਮੰਗ ਕਰਦੇ ਹਨ, ਜੋ ਨਾ ਸਿਰਫ਼ ਸ਼ਾਨਦਾਰ ਖਿਡਾਰੀ ਪੈਦਾ ਕਰਦਾ ਹੈ, ਸਗੋਂ ਖੇਡ ਦੀ ਭਾਵਨਾ ਅਤੇ ਮਹੱਤਤਾ ਨੂੰ ਵੀ ਬਰਕਰਾਰ ਰੱਖਦਾ ਹੈ।
ਜ਼ਿਕਰਯੋਗ ਹੈ ਕਿ ਮੀਤ ਹੇਅਰ ਪਹਿਲਾਂ ਪੰਜਾਬ ਸਰਕਾਰ ਵਿਚ ਵੱਖ-ਵੱਖ ਅਹੁਦਿਆਂ ’ਤੇ ਕੈਬਨਿਟ ਮੰਤਰੀ, ਵਿਸ਼ੇਸ਼ ਕਰਕੇ ਖੇਡ ਮੰਤਰੀ ਰਹਿ ਚੁੱਕੇ ਹਨ। ਮੀਤ ਹੇਅਰ ਨੇ ਰਾਜ ਵਿਚ ਖੇਡ ਨੀਤੀ ਪੇਸ਼ ਕਰਨ ਲਈ ਵਿਆਪਕ ਮਾਨਤਾ ਪ੍ਰਾਪਤ ਕੀਤੀ, ਜਿਸਦਾ ਉਦੇਸ਼ ਉੱਭਰ ਰਹੇ ਖਿਡਾਰੀਆਂ ਦੇ ਹੁਨਰ ਨੂੰ ਨਿਖਾਰਨ ਦੇ ਨਾਲ-ਨਾਲ ਨਵੀਂ ਪ੍ਰਤਿਭਾ ਨੂੰ ਲੱਭਣਾ ਅਤੇ ਪਾਲਣ-ਪੋਸ਼ਣ ਕਰਨਾ ਹੈ।
ਮੀਤ ਹੇਅਰ ਨੇ ਸ਼ਾਸਨ ਅਤੇ ਲੋਕ ਭਲਾਈ ਵਿਚ ਵੀ ਅਹਿਮ ਯੋਗਦਾਨ ਪਾਇਆ। ਆਪਣੀ ਪ੍ਰਗਤੀਸ਼ੀਲ ਸੋਚ ਅਤੇ ਲੋਕ-ਪੱਖੀ ਪਹੁੰਚ ਲਈ ਜਾਣੇ ਜਾਂਦੇ ਮੀਤ ਹੇਅਰ ਨੇ ਲਗਾਤਾਰ ਸਮਾਜਿਕ ਭਲਾਈ ਦੇ ਕੰਮ ਕੀਤੇ, ਜਿਸ ਵਿਚ ਨੌਜਵਾਨ ਸਸ਼ਕਤੀਕਰਨ, ਖੇਡ ਵਿਕਾਸ ਅਤੇ ਪੇਂਡੂ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।