Mohali Crime : ਅਦਾਕਾਰਾ ਹਿਮਾਂਸ਼ੀ ਖੁਰਾਣਾ ਤੋਂ ਬਾਅਦ ਹੁਣ ਗਹਿਣਾ ਕਾਰੋਬਾਰੀ ਤੋਂ ਮੰਗੀ 5 ਕਰੋੜ ਦੀ ਫਿਰੌਤੀ, ਬੰਬੀਹਾ ਗਰੁੱਪ ਦੇ ਨਾਂ ‘ਤੇ ਆਈ ਧਮਕੀ ਭਰੀ ਵਟਸਐਪ ਕਾਲ
ਐੱਸਪੀ ਨੇ ਦੱਸਿਆ ਕਿ ਸ਼ਿਕਾਇਤ ਮੁਤਾਬਕ ਫੋਨ ਉਠਾਉਣ ‘ਤੇ ਸਾਹਮਣੇ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਸ਼ਗਨਪ੍ਰੀਤ ਸਿੰਘ ਦੱਸਦਿਆਂ ਕਿਹਾ ਕਿ ਉਹ ਦਵਿੰਦਰ ਬੰਬੀਹਾ ਗਰੁੱਪ ਨਾਲ ਸੰਬੰਧਿਤ ਹੈ। ਉਸਨੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਰਕਮ ਨਾ ਦੇਣ ਦੀ ਸੂਰਤ ਵਿੱਚ ਗੰਭੀਰ ਨਤੀਜੇ ਭੁਗਤਣ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
Publish Date: Sat, 14 Feb 2026 06:50 PM (IST)
Updated Date: Sat, 14 Feb 2026 06:53 PM (IST)
ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਚੰਡੀਗੜ੍ਹ ਦੇ ਸੈਕਟਰ-23 ਸਥਿਤ ਜਵੈਲਰਸ ਦੇ ਮਾਲਕ ਨੂੰ ਦਵਿੰਦਰ ਬੰਬੀਹਾ ਗਰੁੱਪ ਦੇ ਨਾਮ ‘ਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੁਹਾਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਪੀ ਸੌਰਵ ਜਿੰਦਲ (ਜਾਂਚ) ਨੇ ਦੱਸਿਆ ਕਿ ਸੈਕਟਰ-79 ਮੁਹਾਲੀ ਵਾਸੀ ਸ਼ਿਕਾਇਤਕਰਤਾ ਸ਼ਿਵਾਨੀ ਪਤਨੀ ਜਾਨੂੰ ਹਾਂਡਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਪਤੀ ਬਿਮਾਰ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਹੈ। ਜਦੋਂ ਉਸਦੇ ਪਤੀ ਨੇ ਕਾਰੋਬਾਰ ਸੰਬੰਧੀ ਕੰਮ ਦੇਖਣ ਲਈ ਆਪਣੀ ਟੈਬ ਖੋਲੀ ਤਾਂ ਵਟਸਐਪ ‘ਤੇ ਵਿਦੇਸ਼ੀ ਨੰਬਰ ਤੋਂ ਕਾਲਾਂ ਅਤੇ ਸੁਨੇਹੇ ਪ੍ਰਾਪਤ ਹੋ ਰਹੇ ਸਨ।
ਐੱਸਪੀ ਨੇ ਦੱਸਿਆ ਕਿ ਸ਼ਿਕਾਇਤ ਮੁਤਾਬਕ ਫੋਨ ਉਠਾਉਣ ‘ਤੇ ਸਾਹਮਣੇ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਸ਼ਗਨਪ੍ਰੀਤ ਸਿੰਘ ਦੱਸਦਿਆਂ ਕਿਹਾ ਕਿ ਉਹ ਦਵਿੰਦਰ ਬੰਬੀਹਾ ਗਰੁੱਪ ਨਾਲ ਸੰਬੰਧਿਤ ਹੈ। ਉਸਨੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਰਕਮ ਨਾ ਦੇਣ ਦੀ ਸੂਰਤ ਵਿੱਚ ਗੰਭੀਰ ਨਤੀਜੇ ਭੁਗਤਣ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਮਾਮਲੇ ਦੀ ਸੂਚਨਾ ਮਿਲਣ ਉਪਰੰਤ ਸੋਹਾਣਾ ਥਾਣਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਬੀ.ਐਨ.ਐਸ. ਦੀਆਂ ਧਾਰਾਵਾਂ 308(4) ਅਤੇ 351(3) ਤਹਿਤ ਸ਼ਗਨਪ੍ਰੀਤ ਸਿੰਘ ਅਤੇ ਦਵਿੰਦਰ ਬੰਬੀਹਾ ਗਰੁੱਪ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਵਿਦੇਸ਼ੀ ਨੰਬਰ ਅਤੇ ਵਟਸਐਪ ਕਾਲਾਂ ਦੇ ਤਕਨੀਕੀ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਇਬਰ ਸੈੱਲ ਦੀ ਮਦਦ ਨਾਲ ਦੋਸ਼ੀਆਂ ਦੀ ਪਛਾਣ ਲਈ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਧਮਕੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।