ਮੁਹਾਲੀ 'ਚ ਵੱਡੀ ਤਬਾਹੀ ਟਲੀ : ਢਾਈ ਕਿੱਲੋ RDX ਬੰਬ ਸਮੇਤ ਅੰਮ੍ਰਿਤਸਰ ਦੇ 2 ਨੌਜਵਾਨ ਕਾਬੂ, ਜਨਤਕ ਥਾਵਾਂ ਸਨ ਨਿਸ਼ਾਨੇ 'ਤੇ
ਮੁਲਜ਼ਮਾਂ ਖਿਲਾਫ ਮੁਹਾਲੀ ਦੇ ਐਸਐਸਓਸੀ ਦੇ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਆਈਈਡੀ ਪੂਰੀ ਤਰ੍ਹਾਂ ਤਿਆਰ ਸੀ ਅਤੇ ਕਿਸੇ ਵੀ ਵੇਲੇ ਵਰਤਿਆ ਜਾ ਸਕਦਾ ਸੀ।
Publish Date: Thu, 04 Jun 2026 03:26 PM (IST)
Updated Date: Thu, 04 Jun 2026 03:32 PM (IST)
ਮੁਹਾਲੀ, 4 ਜੂਨ: ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੁਹਾਲੀ ਨੇ ਇੱਕ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਆਪਰੇਟਿਵ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲਗਪਗ 2.5 ਕਿਲੋਗ੍ਰਾਮ ਵਜ਼ਨੀ, ਪੂਰੀ ਤਰ੍ਹਾਂ ਅਸੈਂਬਲ ਕੀਤਾ ਹੋਇਆ ਆਰਡੀਐਕਸ ਆਧਾਰਿਤ ਆਈਈਡੀ ਬਰਾਮਦ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਸਾਂਝੀ ਕੀਤੀ। ਮੁਲਜ਼ਮਾਂ ਦੀ ਪਛਾਣ ਮਨੀ ਸਿੰਘ (32) ਵਾਸੀ ਗੁੱਜਰਪੁਰਾ (ਅੰਮ੍ਰਿਤਸਰ) ਅਤੇ ਅਭਿਸ਼ੇਕ ਕੁਮਾਰ (28) ਵਾਸੀ ਗਿੱਲਵਾਲੀ ਗੇਟ (ਅੰਮ੍ਰਿਤਸਰ) ਵਜੋਂ ਹੋਈ ਹੈ।
ਮੁਲਜ਼ਮਾਂ ਖਿਲਾਫ ਮੁਹਾਲੀ ਦੇ ਐਸਐਸਓਸੀ ਦੇ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਆਈਈਡੀ ਪੂਰੀ ਤਰ੍ਹਾਂ ਤਿਆਰ ਸੀ ਅਤੇ ਕਿਸੇ ਵੀ ਵੇਲੇ ਵਰਤਿਆ ਜਾ ਸਕਦਾ ਸੀ। ਇਸ ਕਾਰਵਾਈ ਨਾਲ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਅਹਿਮ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਘਿਨਾਉਣੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ ਅਤੇ ਜਨਤਕ ਸੁਰੱਖਿਆ ਨੂੰ ਸਿਰ 'ਤੇ ਮੰਡਰਾ ਰਹੇ ਇੱਕ ਵੱਡੇ ਖ਼ਤਰੇ ਤੋਂ ਬਚਾ ਲਿਆ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਇਸ ਸਾਜ਼ਿਸ਼ ਵਿੱਚ ਸ਼ਾਮਲ ਹੈਂਡਲਰਾਂ, ਸਾਥੀਆਂ ਅਤੇ ਸਾਰੇ ਸਬੰਧਾਂ ਸਮੇਤ ਪੂਰੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਆਈਜੀ (ਕਾਊਂਟਰ ਇੰਟੈਲੀਜੈਂਸ) ਆਸ਼ੀਸ਼ ਚੌਧਰੀ ਨੇ ਦੱਸਿਆ ਕਿ ਪੁਖ਼ਤਾ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਵਾਈ.ਪੀ.ਐਸ. ਚੌਕ, ਮੁਹਾਲੀ ਦੇ ਸਾਹਮਣੇ ਇੱਕ ਪਾਰਕ ਦੇ ਨੇੜਿਓਂ ਦੋਵਾਂ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ। ਇਹ ਮੁਲਜ਼ਮ ਵਿਸਫੋਟਕ ਸਮੱਗਰੀ ਸਮੇਤ ਬੱਸ ਰਾਹੀਂ ਅੰਮ੍ਰਿਤਸਰ ਤੋਂ ਮੁਹਾਲੀ ਪਹੁੰਚੇ ਸਨ।
ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਆਰ.ਡੀ.ਐਕਸ ਨਾਲ ਲੈਸ ਆਈ.ਈ.ਡੀ. ਬਰਾਮਦ ਕੀਤਾ। ਡਿਵਾਈਸ ਦੇ ਗੰਭੀਰ ਖਤਰੇ ਨੂੰ ਦੇਖਦੇ ਹੋਏ ਤੁਰੰਤ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ, ਜਿਸ ਨੇ ਸਾਰੇ ਨਿਰਧਾਰਤ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਆਈਈਡੀ ਨੂੰ ਸਫਲਤਾਪੂਰਵਕ ਨਿਸ਼ਕਿਰਿਆ (ਡੀਫਿਊਜ਼) ਕਰ ਦਿੱਤਾ।
ਆਈਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮਨੀ ਸਿੰਘ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿੱਚ ਆਇਆ ਸੀ ਅਤੇ ਉਸਨੇ ਆਪਣੇ ਜੀਜੇ ਅਭਿਸ਼ੇਕ ਕੁਮਾਰ ਨੂੰ ਵੀ ਉਸ ਨਾਲ ਮਿਲਾਇਆ ਸੀ। ਉਨ੍ਹਾਂ ਦੇ ਗੱਲਬਾਤ ਦੌਰਾਨ ਵਿਦੇਸ਼ੀ ਹੈਂਡਲਰ ਨੇ ਕੁਝ ਕੰਮਾਂ ਨੂੰ ਅੰਜਾਮ ਦੇਣ ਦੇ ਬਦਲੇ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਸੀ। ਆਪਣੀ ਮਾੜੀ ਆਰਥਿਕ ਹਾਲਤ ਕਾਰਨ ਦੋਵੇਂ ਉਸ ਲਈ ਕੰਮ ਕਰਨ ਲਈ ਸਹਿਮਤ ਹੋ ਗਏ ਸਨ।