ਸਿੱਖਿਆ ਵਿਭਾਗ ਦਾ ਅਹਿਮ ਫ਼ੈਸਲਾ: ਹੁਣ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਹੋਵੇਗੀ ਅਧਿਆਪਕਾਂ ਦੀ ਤਾਇਨਾਤੀ
ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਐਲੀਮੈਂਟਰੀ) ਨੇ ਰਾਜ ਦੇ ਪ੍ਰਾਇਮਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਅਧਿਆਪਕਾਂ ਦੀ ਤਾਇਨਾਤੀ ’ਚ ਆ ਰਹੀ ਅਸਮਾਨਤਾ ਨੂੰ ਦੂਰ ਕਰਨ ਲਈ ਇਕ ਅਹਿਮ ਫ਼ੈਸਲਾ ਲਿਆ ਹੈ।
Publish Date: Sat, 03 Jan 2026 11:27 AM (IST)
Updated Date: Sat, 03 Jan 2026 11:38 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਐਲੀਮੈਂਟਰੀ) ਨੇ ਰਾਜ ਦੇ ਪ੍ਰਾਇਮਰੀ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਅਧਿਆਪਕਾਂ ਦੀ ਤਾਇਨਾਤੀ ’ਚ ਆ ਰਹੀ ਅਸਮਾਨਤਾ ਨੂੰ ਦੂਰ ਕਰਨ ਲਈ ਇਕ ਅਹਿਮ ਫ਼ੈਸਲਾ ਲਿਆ ਹੈ। ਮੁੱਖ ਦਫ਼ਤਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ) ਨੂੰ ਆਪਣੇ ਜ਼ਿਲ੍ਹੇ ਅੰਦਰ ਅਧਿਆਪਕਾਂ ਦੇ ਆਰਜੀ ਪ੍ਰਬੰਧ ਕਰਨ ਦੇ ਅਧਿਕਾਰ ਦਿੱਤੇ ਗਏ ਹਨ।
ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਹੋਵੇਗੀ ਤਾਇਨਾਤੀ
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਯੂਡਾਈਸ ਤੇ ਈ-ਪੰਜਾਬ ਡਾਟਾ ਦੀ ਘੋਖ ਤੋਂ ਬਾਅਦ ਇਹ ਪਾਇਆ ਗਿਆ ਕਿ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਮੁਕਾਬਲੇ ਅਧਿਆਪਕ ਵੱਧ ਅਤੇ ਕਈਆਂ ’ਚ ਘੱਟ ਹਨ। ਇਸ ਨੂੰ ਸੁਧਾਰਨ ਲਈ ਨਵੇਂ ਮਾਪਦੰਡ ਤੈਅ ਕੀਤੇ ਗਏ ਹਨ।
1 ਤੋਂ 20 ਵਿਦਿਆਰਥੀ: 1 ਅਧਿਆਪਕ
21 ਤੋਂ 60 ਵਿਦਿਆਰਥੀ: 2 ਅਧਿਆਪਕ
151 ਤੋਂ 190 ਵਿਦਿਆਰਥੀ: 7 ਅਧਿਆਪਕ
351 ਤੋਂ ਵੱਧ ਵਿਦਿਆਰਥੀ: ਹਰ 40 ਵਿਦਿਆਰਥੀਆਂ ਪਿੱਛੇ ਇਕ ਵਾਧੂ ਅਧਿਆਪਕ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
ਪੇਂਡੂ ਤੇ ਪੱਛੜੇ ਇਲਾਕਿਆਂ ਨੂੰ ਤਰਜੀਹ
ਆਰਜ਼ੀ ਪ੍ਰਬੰਧ ਕਰਨ ਸਮੇਂ ਦੂਰ-ਦੁਰਾਡੇ, ਪੇਂਡੂ ਅਤੇ ਪੱਛੜੇ ਇਲਾਕਿਆਂ ਦੇ ਸਕੂਲਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿੱਥੇ ਅਧਿਆਪਕਾਂ ਦੀ ਬਹੁਤ ਜ਼ਿਆਦਾ ਘਾਟ ਹੈ। ਵਿਭਾਗ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਅਧਿਆਪਕ ਦੀ ਡਿਊਟੀ ਲਗਾਉਣ ਸਮੇਂ ਉਸ ਦੇ ਪਿਤਰੀ ਸਕੂਲ ਤੋਂ ਦੂਰੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ।
ਨਿਯਮਾਂ 'ਚ ਪਾਰਦਰਸ਼ਤਾ
ਲਗਾਏ ਗਏ ਆਰਜੀ ਪ੍ਰਬੰਧਾਂ ਦਾ ਹਰ ਤਿਮਾਹੀ ਵਿੱਚ ਰੀਵਿਊ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਸ ਦਾ ਸਰਟੀਫ਼ਿਕੇਟ ਮੁੱਖ ਦਫ਼ਤਰ ਭੇਜਣਾ ਪਵੇਗਾ। ਜਿਨ੍ਹਾਂ ਅਧਿਆਪਕਾਂ ਦੀ ਸੇਵਾ ਮੁਕਤੀ ਵਿੱਚ ਇੱਕ ਸਾਲ ਜਾਂ ਘੱਟ ਸਮਾਂ ਰਹਿੰਦਾ ਹੈ, ਉਨ੍ਹਾਂ ਦਾ ਆਰਜੀ ਪ੍ਰਬੰਧ ਸਿਰਫ਼ ਉਨ੍ਹਾਂ ਦੀ ਸਹਿਮਤੀ ਨਾਲ ਹੀ ਕੀਤਾ ਜਾਵੇਗਾ।
ਆਰਜੀ ਡਿਊਟੀ ਲਈ ਇੱਛੁਕ ਅਧਿਆਪਕਾਂ ਨੂੰ ਦਿੱਤੀ ਜਾਵੇਗੀ ਪਹਿਲ
ਅਸਾਧਾਰਨ ਹਾਲਾਤਾਂ ’ਚ ਜਿਲ੍ਹਾ ਸਿੱਖਿਆ ਅਫ਼ਸਰਾਂ ਕੋਲ 15 ਦਿਨਾਂ ਲਈ ਆਰਜੀ ਡਿਊਟੀ ਲਗਾਉਣ ਦੇ ਵਿਸ਼ੇਸ਼ ਅਧਿਕਾਰ ਵੀ ਹੋਣਗੇ, ਜਿਸ ਵਿੱਚ ਆਮ ਸ਼ਰਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ।