ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹਿਮਾਂਸ਼ੀ ਖੁਰਾਣਾ : 10 ਕਰੋੜ ਰੁਪਏ ਦਿਓ ਨਹੀਂ ਤਾਂ... ਮਿਲੀ ਖ਼ੌਫ਼ਨਾਕ ਧਮਕੀ, ਪੰਜਾਬ ਪੁਲਿਸ ਨੂੰ ਪਈਆ ਭਾਜੜਾ
ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹਿਮਾਂਸ਼ੀ ਨੇ 2011 ਵਿੱਚ 'ਮਿਸ ਲੁਧਿਆਣਾ' ਦਾ ਖ਼ਿਤਾਬ ਜਿੱਤ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ ਫ਼ਿਲਮ ‘ਸਾਡਾ ਹੱਕ’, ਹਿੱਟ ਗੀਤ ‘ਸੋਚ’ ਅਤੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਤੋਂ ਦੇਸ਼ ਭਰ ਵਿੱਚ ਪ੍ਰਸਿੱਧੀ ਮਿਲੀ
Publish Date: Sat, 14 Feb 2026 04:31 PM (IST)
Updated Date: Sat, 14 Feb 2026 04:36 PM (IST)
ਜਾਸ, ਮੋਹਾਲੀ : ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ 'ਤੇ ਗੈਂਗਸਟਰਾਂ ਦਾ ਪਰਛਾਵਾਂ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਮਸ਼ਹੂਰ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ 10 ਕਰੋੜ ਰੁਪਏ ਦੀ ਫਿਰੌਤੀ ਲਈ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੋਹਾਲੀ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਕਾਲ ਡਿਟੇਲ (CDR) ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹਿਮਾਂਸ਼ੀ ਨੇ 2011 ਵਿੱਚ 'ਮਿਸ ਲੁਧਿਆਣਾ' ਦਾ ਖ਼ਿਤਾਬ ਜਿੱਤ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ ਫ਼ਿਲਮ ‘ਸਾਡਾ ਹੱਕ’, ਹਿੱਟ ਗੀਤ ‘ਸੋਚ’ ਅਤੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਤੋਂ ਦੇਸ਼ ਭਰ ਵਿੱਚ ਪ੍ਰਸਿੱਧੀ ਮਿਲੀ। ਅਣਪਛਾਤੇ ਬਦਮਾਸ਼ਾਂ ਨੇ ਪੈਸੇ ਨਾ ਦੇਣ 'ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ, ਜਿਸ ਨਾਲ ਕਲਾਕਾਰਾਂ ਦੀ ਸੁਰੱਖਿਆ 'ਤੇ ਮੁੜ ਸਵਾਲ ਖੜ੍ਹੇ ਹੋ ਗਏ ਹਨ।
ਬੀ ਪਰਾਕ ਤੋਂ ਮੂਸੇਵਾਲਾ ਤੱਕ: ਲਗਾਤਾਰ ਨਿਸ਼ਾਨੇ 'ਤੇ ਕਲਾਕਾਰ
ਪੰਜਾਬੀ ਇੰਡਸਟਰੀ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਹਾਲ ਹੀ ਦੇ ਸਾਲਾਂ ਵਿੱਚ ਕਈ ਵੱਡੇ ਸਿਤਾਰੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਹੋਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਰਹੇ ਹਨ।
ਬੀ ਪਰਾਕ: ਜਨਵਰੀ 2026 ਵਿੱਚ ਮਸ਼ਹੂਰ ਗਾਇਕ ਬੀ ਪਰਾਕ ਨੂੰ ਵੀ 10 ਕਰੋੜ ਦੀ ਫਿਰੌਤੀ ਲਈ ਧਮਕੀ ਮਿਲੀ ਸੀ।
ਸਿੱਧੂ ਮੂਸੇਵਾਲਾ: 2022 ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੂਰੀ ਇੰਡਸਟਰੀ ਵਿੱਚ ਡਰ ਦਾ ਮਾਹੌਲ ਹੈ।
ਹੋਰ ਕਲਾਕਾਰ: ਗਿੱਪੀ ਗਰੇਵਾਲ, ਕਰਨ ਔਜਲਾ, ਪਰਮੀਸ਼ ਵਰਮਾ ਅਤੇ ਬੰਟੀ ਬੈਂਸ ਵਰਗੇ ਕਲਾਕਾਰਾਂ ਨੂੰ ਵੀ ਫਿਰੌਤੀ ਜਾਂ ਹਮਲੇ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਰਿਪੋਰਟਾਂ ਮੁਤਾਬਕ ਕਰੀਬ 6 ਪੰਜਾਬੀ ਗਾਇਕਾਂ ਨੇ ਆਪਣੀ ਜਾਨ ਬਚਾਉਣ ਲਈ ਗੈਂਗਸਟਰਾਂ ਨੂੰ ਮੋਟੀ ਰਕਮ ਵੀ ਚੁਕਾਈ ਹੈ।
ਵਿਦੇਸ਼ਾਂ ਤੋਂ ਚੱਲ ਰਿਹਾ ਹੈ ਗੋਰਖਧੰਦਾ
ਪੁਲਿਸ ਜਾਂਚ ਮੁਤਾਬਕ ਇਹ ਧਮਕੀਆਂ ਜ਼ਿਆਦਾਤਰ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਦਿੱਤੀਆਂ ਜਾਂਦੀਆਂ ਹਨ। ਗੈਂਗਸਟਰ VPN ਅਤੇ ਅੰਤਰਰਾਸ਼ਟਰੀ ਨੰਬਰਾਂ ਦੀ ਵਰਤੋਂ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਫੜਿਆ ਨਾ ਜਾ ਸਕੇ। ਪੁਲਿਸ ਲਈ ਇਨ੍ਹਾਂ ਵਿਦੇਸ਼ੀ ਨੰਬਰਾਂ ਨੂੰ ਟਰੇਸ ਕਰਨਾ ਅਤੇ ਗੈਂਗਸਟਰਾਂ ਤੱਕ ਪਹੁੰਚਣਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।