ਸੜਕ 'ਤੇ ਹਾਈਵੋਲਟੇਜ ਡਰਾਮਾ: ਵਿਦੇਸ਼ੀ ਮਹਿਲਾ ਨੇ ਟੈਕਸੀ ਚਾਲਕ ਨੂੰ ਦਿੱਤੀਆਂ ਧਮਕੀਆਂ, ਕਿਰਾਇਆ ਦੇਣ ਤੋਂ ਕੀਤਾ ਇਨਕਾਰ
ਜ਼ਿਲ੍ਹੇ ਵਿੱਚ ਇੱਕ ਵਿਦੇਸ਼ੀ ਮਹਿਲਾ ਵੱਲੋਂ ਟੈਕਸੀ ਚਾਲਕ ਨਾਲ ਦੁਰਵਿਵਹਾਰ ਕਰਨ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੋਸ਼ ਹੈ ਕਿ ਮਹਿਲਾ ਨੇ ਨਾ ਸਿਰਫ਼ ਟੈਕਸੀ ਦਾ ਬਣਦਾ ਕਿਰਾਇਆ ਦੇਣ ਤੋਂ ਮਨ੍ਹਾ ਕੀਤਾ, ਸਗੋਂ ਚਾਲਕ ਨੂੰ ਬਲੈਕਮੇਲ ਕਰਨ ਅਤੇ ਉਸ ਦੀ ਗੱਡੀ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਮਾਹੌਲ ਕਾਫੀ ਗਰਮਾ ਗਿਆ।
Publish Date: Wed, 04 Feb 2026 01:27 PM (IST)
Updated Date: Wed, 04 Feb 2026 01:29 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ਿਲ੍ਹੇ ਵਿੱਚ ਇੱਕ ਵਿਦੇਸ਼ੀ ਮਹਿਲਾ ਵੱਲੋਂ ਟੈਕਸੀ ਚਾਲਕ ਨਾਲ ਦੁਰਵਿਵਹਾਰ ਕਰਨ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੋਸ਼ ਹੈ ਕਿ ਮਹਿਲਾ ਨੇ ਨਾ ਸਿਰਫ਼ ਟੈਕਸੀ ਦਾ ਬਣਦਾ ਕਿਰਾਇਆ ਦੇਣ ਤੋਂ ਮਨ੍ਹਾ ਕੀਤਾ, ਸਗੋਂ ਚਾਲਕ ਨੂੰ ਬਲੈਕਮੇਲ ਕਰਨ ਅਤੇ ਉਸ ਦੀ ਗੱਡੀ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਮਾਹੌਲ ਕਾਫੀ ਗਰਮਾ ਗਿਆ।
ਜਾਣਕਾਰੀ ਅਨੁਸਾਰ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਮਹਿਲਾ ਨੇ ਮੋਹਾਲੀ ਦੇ ਸੈਕਟਰ 82 ਤੋਂ ਜ਼ੀਰਕਪੁਰ ਲਈ ਟੈਕਸੀ ਬੁੱਕ ਕੀਤੀ ਸੀ। ਸਫ਼ਰ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਵਾਇਰਲ ਵੀਡੀਓ ਵਿੱਚ ਮਹਿਲਾ ਟੈਕਸੀ ਚਾਲਕ 'ਤੇ ਰੋਅਬ ਜਮਾ ਰਹੀ ਹੈ ਅਤੇ ਕਿਰਾਇਆ ਦੇਣ ਤੋਂ ਸਾਫ਼ ਇਨਕਾਰ ਕਰ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਮਹਿਲਾ ਦਾ ਵਤੀਰਾ ਕਾਫੀ ਹਿੰਸਕ ਅਤੇ ਅਪਮਾਨਜਨਕ ਸੀ।
ਆਟੋ ਯੂਨੀਅਨ ਵੱਲੋਂ ਰੋਸ :
ਆਟੋ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਸੈਕਟਰ 17 ਤੋਂ ਬੁੱਕ ਕੀਤੀ ਗਈ ਇੱਕ ਰਾਈਡ ਵਿੱਚ ਵੀ ਇੱਕ ਹੋਰ ਵਿਦੇਸ਼ੀ ਮਹਿਲਾ ਨੇ ਚਾਲਕ ਨਾਲ ਬਦਤਮੀਜ਼ੀ ਕੀਤੀ ਸੀ ਅਤੇ ਪੈਸੇ ਨਹੀਂ ਦਿੱਤੇ ਸਨ।
"ਮਹਿਲਾ ਨਾਲ ਜੁੜਿਆ ਮਾਮਲਾ ਹੋਣ ਕਾਰਨ ਅਕਸਰ ਅਜਿਹੀਆਂ ਘਟਨਾਵਾਂ ਨੂੰ ਦਬਾ ਦਿੱਤਾ ਜਾਂਦਾ ਹੈ, ਪਰ ਹੁਣ ਟੈਕਸੀ ਚਾਲਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਜ਼ਰੂਰੀ ਹੈ।" - ਅਨਿਲ ਕੁਮਾਰ,
ਪ੍ਰਧਾਨ ਆਟੋ ਯੂਨੀਅਨ
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਸਥਾਨਕ ਲੋਕ ਪ੍ਰਸ਼ਾਸਨ ਤੋਂ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।