Crime News : ਮੁਹਾਲੀ 'ਚ ਨਵੇਂ ਸਾਲ ਦੇ ਪਹਿਲੇ ਦਿਨ ਖ਼ੂਨੀ ਵਾਰਦਾਤ, ਭਰਾ ਦਾ ਝਗੜਾ ਛੁਡਾਉਣ ਗਏ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਮੁਹਾਲੀ ਦੇ ਜੁਝਾਰ ਨਗਰ ਇਲਾਕੇ ਵਿਚ ਨਵੇਂ ਸਾਲ ਦੇ ਪਹਿਲੇ ਹੀ ਦਿਨ ਇਕ ਦਰਦਨਾਕ ਘਟਨਾ ਵਾਪਰੀ ਹੈ, ਜਿੱਥੇ ਇਕ ਕਰੀਬ 26 ਸਾਲਾ ਨੌਜਵਾਨ ਮੁਕੇਸ਼ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੁਕੇਸ਼ ਆਪਣੇ ਭਰਾ ਦੇ ਝਗੜੇ ਵਿਚ ਸਮਝੌਤਾ ਕਰਵਾਉਣ ਪਹੁੰਚਿਆ ਸੀ, ਪਰ ਉੱਥੇ ਹੋਈ ਬਹਿਸ ਦੌਰਾਨ ਮੁਲਜ਼ਮਾਂ ਨੇ ਉਸ ਦੇ ਪੇਟ ਵਿਚ ਚਾਕੂ ਮਾਰ ਦਿੱਤਾ।
Publish Date: Thu, 01 Jan 2026 07:10 PM (IST)
Updated Date: Thu, 01 Jan 2026 07:12 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਜੁਝਾਰ ਨਗਰ ਇਲਾਕੇ ਵਿਚ ਨਵੇਂ ਸਾਲ ਦੇ ਪਹਿਲੇ ਹੀ ਦਿਨ ਇਕ ਦਰਦਨਾਕ ਘਟਨਾ ਵਾਪਰੀ ਹੈ, ਜਿੱਥੇ ਇਕ ਕਰੀਬ 26 ਸਾਲਾ ਨੌਜਵਾਨ ਮੁਕੇਸ਼ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੁਕੇਸ਼ ਆਪਣੇ ਭਰਾ ਦੇ ਝਗੜੇ ਵਿਚ ਸਮਝੌਤਾ ਕਰਵਾਉਣ ਪਹੁੰਚਿਆ ਸੀ, ਪਰ ਉੱਥੇ ਹੋਈ ਬਹਿਸ ਦੌਰਾਨ ਮੁਲਜ਼ਮਾਂ ਨੇ ਉਸ ਦੇ ਪੇਟ ਵਿਚ ਚਾਕੂ ਮਾਰ ਦਿੱਤਾ।
ਮ੍ਰਿਤਕ ਮੁਕੇਸ਼ ਜੁਝਾਰ ਨਗਰ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਮੁਕੇਸ਼ ਦੇ ਭਰਾ ਮੋਹਿਤ ਦਾ ਕੁੱਝ ਲੋਕਾਂ ਨਾਲ ਪੁਰਾਣਾ ਵਿਵਾਦ ਚੱਲ ਰਿਹਾ ਸੀ। ਵੀਰਵਾਰ ਨੂੰ ਜਦੋਂ ਮੋਹਿਤ ਆਪਣੇ ਜੀਜਾ ਬਲਵੀਰ ਨੂੰ ਮਿਲਣ ਗਿਆ ਤਾਂ ਉੱਥੇ ਦੂਜੀ ਧਿਰ ਦੇ ਨੌਜਵਾਨ ਪਹਿਲਾਂ ਹੀ ਮੌਜੂਦ ਸਨ। ਦੋਵਾਂ ਧਿਰਾਂ ਵਿਚਾਲੇ ਹੋ ਰਹੀ ਤਕਰਾਰ ਦੀ ਸੂਚਨਾ ਮਿਲਣ 'ਤੇ ਮੁਕੇਸ਼ ਮੌਕੇ 'ਤੇ ਪਹੁੰਚਿਆ ਅਤੇ ਦੋਵਾਂ ਪਾਸਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਸਮਝੌਤੇ ਦੌਰਾਨ ਬਹਿਸ ਇੰਨੀ ਵਧ ਗਈ ਕਿ ਇਕ ਮੁਲਜ਼ਮ ਨੇ ਅਚਾਨਕ ਚਾਕੂ ਕੱਢ ਕੇ ਮੁਕੇਸ਼ ਦੇ ਪੇਟ ਵਿਚ ਮਾਰ ਦਿੱਤਾ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਮੁਕੇਸ਼ ਸ਼ਾਦੀਸ਼ੁਦਾ ਸੀ ਅਤੇ ਉਸ ਦੀ ਡੇਢ ਸਾਲ ਦੀ ਛੋਟੀ ਬੇਟੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਲਾਲ ਕੁਮਾਰੀ ਨੂੰ ਅਜੇ ਤੱਕ ਇਸ ਦੁਖਦਾਈ ਖ਼ਬਰ ਬਾਰੇ ਨਹੀਂ ਦੱਸਿਆ ਗਿਆ ਹੈ। ਗੰਭੀਰ ਜ਼ਖ਼ਮੀ ਹਾਲਤ ਵਿਚ ਮੁਕੇਸ਼ ਨੂੰ ਫੇਜ਼-6 ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਕਾਰਵਾਈ
ਥਾਣਾ ਬਲੌਂਗੀ ਦੇ ਐੱਸਐੱਚਓ ਇੰਸਪੈਕਟਰ ਪੇਰੀਵਿੰਕਲ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ ਕਤਲ ਪੁਰਾਣੀ ਰੰਜਿਸ਼ ਦਾ ਨਤੀਜਾ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।