ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਹੁਣ ਕੈਂਸਰ ਦੇ ਇਲਾਜ ਲਈ ਵੀ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ ਰਾਜ ਭਰ ਦੇ ਕੈਂਸਰ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਹੁਣ ਕੈਂਸਰ ਦੇ ਇਲਾਜ ਲਈ ਵੀ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ ਰਾਜ ਭਰ ਦੇ ਕੈਂਸਰ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ।
ਸਿਹਤ ਮੰਤਰੀ ਨੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ, ਨਵਾਂ ਚੰਡੀਗੜ੍ਹ ਵਿਚ ਵਿਸ਼ਵ ਕੈਂਸਰ ਦਿਵਸ ਮੌਕੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਸੰਗਰੂਰ ਅਤੇ ਨਿਊ ਚੰਡੀਗੜ੍ਹ ਵਿਖੇ ਸਥਾਪਤ ਦੋਵੇਂ ਅਧੁਨਿਕ ਕੈਂਸਰ ਸੰਸਥਾਵਾਂ ਰਾਜ ਲਈ ਵੱਡੀ ਅਣਮੁੱਲੀ ਸੰਪਤੀ ਬਣ ਕੇ ਉਭਰੀਆਂ ਹਨ, ਜੋ ਵਿਸ਼ਵ-ਪੱਧਰੀ ਅਤੇ ਆਧੁਨਿਕ ਕੈਂਸਰ ਇਲਾਜ ਸਹੂਲਤਾਂ ਪ੍ਰਦਾਨ ਕਰ ਰਹੀਆਂ ਹਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਦੋਵੇਂ ਸੰਸਥਾਵਾਂ ਦੀ ਕੁੱਲ 450 ਬਿਸਤਰਿਆਂ ਦੀ ਸਮਰੱਥਾ, ਸੰਗਰੂਰ ਵਿਚ 150 ਅਤੇ ਨਿਊ ਚੰਡੀਗੜ੍ਹ ਵਿਚ 300 ਬਿਸਤਰਿਆਂ ਨੇ ਕੈਂਸਰ ਮਰੀਜ਼ਾਂ ਵਿਚ ਨਵੀਂ ਆਸ ਜਗਾਈ ਹੈ ਕਿਉਂਕਿ ਉਨ੍ਹਾਂ ਨੂੰ ਘਰ ਦੇ ਨੇੜੇ ਹੀ ਉੱਚ-ਪੱਧਰੀ ਇਲਾਜ ਉਪਲਬਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਮਾਰੀ ਦੀ ਪਛਾਣ ਤੋਂ ਬਾਅਦ ਘਬਰਾਉਣ ਦੀ ਥਾਂ ਮਜ਼ਬੂਤ ਇਰਾਦੇ ਅਤੇ ਸਕਾਰਾਤਮਕ ਸੋਚ ਨਾਲ ਕੈਂਸਰ ਨਾਲ ਲੜਨਾ ਚਾਹੀਦਾ ਹੈ।
ਸੰਸਥਾ ਵਿਚ ਬਲੱਡ ਕੈਂਸਰ ਨਾਲ ਬਹਾਦਰੀ ਨਾਲ ਲੜ ਰਹੇ ‘ਲਿਟਲ ਵਾਰੀਅਰਜ਼’ (ਛੋਟੇ ਬੱਚਿਆਂ) ਦਾ ਜ਼ਿਕਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਜ਼ਿੰਦਗੀ ਜਿਉਣ ਦੀ ਲਾਲਸਾ ਅਤੇ ਮਜ਼ਬੂਤ ਇਰਾਦਾ ਸਭ ਤੋਂ ਘਾਤਕ ਬਿਮਾਰੀ ਨੂੰ ਵੀ ਹਰਾ ਸਕਦਾ ਹੈ। ਉਨ੍ਹਾਂ ਨੇ ਬੱਚਿਆਂ ਨਾਲ ਕੇਕ ਕੱਟਿਆ ਅਤੇ ਬਾਅਦ ਵਿਚ ਉਨ੍ਹਾਂ ਦੀ ਪ੍ਰੇਰਕ ਰੈਂਪ ਵਾਕ ਦਾ ਆਨੰਦ ਵੀ ਲਿਆ।
ਲੋਕਾਂ ਨੂੰ ਪ੍ਰਭਾਵਸ਼ਾਲੀ ਸਿਹਤ ਸੰਦੇਸ਼ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਿਹਤਮੰਦ ਜੀਵਨਸ਼ੈਲੀ, ਪੌਸ਼ਟਿਕ ਭੋਜਨ ਅਤੇ ਜਾਗਰੂਕਤਾ ਕੈਂਸਰ ਤੋਂ ਬਚਾਅ ਦੇ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਲੋਕਾਂ ਨੂੰ ਪੈਕਡ ਖਾਣਾ, ਰਿਫਾਇੰਡ ਤੇਲ ਅਤੇ ਤਲੇ ਹੋਏ ਪਦਾਰਥਾਂ ਤੋਂ ਬਚਣ ਅਤੇ ਤਮਾਕੂ, ਧੂਮਰਪਾਨ ਅਤੇ ਸ਼ਰਾਬ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ‘ਸੀਐੱਮ ਦੀ ਯੋਗਸ਼ਾਲਾ’ ਅਧੀਨ ਰੋਜ਼ਾਨਾ ਲਗਪਗ 1.75 ਲੱਖ ਲੋਕ ਯੋਗ ਅਭਿਆਸ ਕਰ ਰਹੇ ਹਨ ਤੇ ਸਾਨੂੰ ਵੀ ਤੰਦਰੁਸਤ ਜੀਵਨ ਸ਼ੈਲੀ ਲਈ ਇਨ੍ਹਾਂ ਦਾ ਹਿੱਸਾ ਬਣਨਾ ਚਾਹੀਦਾ ਹੈ।
ਇਸ ਮੌਕੇ ਡਾ. ਆਸ਼ੀਸ਼ ਗੁਲੀਆ, ਡਾਇਰੈਕਟਰ, ਹੋਮੀ ਭਾਭਾ ਕੈਂਸਰ ਹਸਪਤਾਲ ਨੇ ਪੰਜਾਬ ਸਰਕਾਰ ਵੱਲੋਂ ਮਿਲ ਰਹੇ ਲਗਾਤਾਰ ਸਹਿਯੋਗ ਲਈ ਧੰਨਵਾਦ ਕੀਤਾ, ਜਿਸ ਨਾਲ ਦੋਵੇਂ ਸੰਸਥਾਵਾਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ। ਉਨ੍ਹਾਂ ਨੇ ਭਾਰਤ ਸਰਕਾਰ ਦੇ ਐਟਾਮਿਕ ਐਨਰਜੀ ਵਿਭਾਗ ਦਾ ਵੀ ਧੰਨਵਾਦ ਪ੍ਰਗਟਾਇਆ।
ਡਾ. ਗੁਲੀਆ ਨੇ ਕਿਹਾ ਕਿ ਸੰਸਥਾਵਾਂ ਵਿਚ ਸਾਰੇ ਕਿਸਮਾਂ ਦੇ ਕੈਂਸਰ ਲਈ ਓਪੀਡੀ ਅਤੇ ਆਈਪੀਡੀ ਸਹੂਲਤਾਂ ਉਪਲਬੱਧ ਹਨ ਅਤੇ ਨਾਂਮਾਤਰ ਦਰਾਂ ’ਤੇ ਉੱਚ-ਮਿਆਰੀ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ, ਨਾਲ ਹੀ ਸਮਰਥਾ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।