Big News : ਮੋਹਾਲੀ 'ਚ ਸਿਰਫਿਰੇ ਨੌਜਵਾਨ ਵੱਲੋਂ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ
: ਇਥੋਂ ਦੇ ਸੈਕਟਰ-66 (ਫੇਜ਼-11) ਸਥਿਤ ਬੈਸਟੈਕ ਮਾਲ ਦੇ ਨੇੜੇ ਇੱਕ ਨਿੱਜੀ ਕੰਪਨੀ ਦੇ ਦਫ਼ਤਰ ਅੰਦਰ ਵੜ ਕੇ ਇੱਕ ਸਿਰਫਿਰੇ ਨੌਜਵਾਨ ਵੱਲੋਂ ਆਪਣੀ ਸਾਬਕਾ ਪ੍ਰੇਮਿਕਾ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
Publish Date: Thu, 04 Jun 2026 11:09 PM (IST)
Updated Date: Thu, 04 Jun 2026 11:12 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੋਹਾਲੀ : ਇਥੋਂ ਦੇ ਸੈਕਟਰ-66 (ਫੇਜ਼-11) ਸਥਿਤ ਬੈਸਟੈਕ ਮਾਲ ਦੇ ਨੇੜੇ ਇੱਕ ਨਿੱਜੀ ਕੰਪਨੀ ਦੇ ਦਫ਼ਤਰ ਅੰਦਰ ਵੜ ਕੇ ਇੱਕ ਸਿਰਫਿਰੇ ਨੌਜਵਾਨ ਵੱਲੋਂ ਆਪਣੀ ਸਾਬਕਾ ਪ੍ਰੇਮਿਕਾ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਖ਼ੁਦ 'ਤੇ ਵੀ ਚਾਕੂ ਨਾਲ ਕਈ ਵਾਰ ਕਰਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਮੁਲਜ਼ਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮ੍ਰਿਤਕਾ ਦੀ ਪਛਾਣ ਡਿੰਪਲ (30 ਸਾਲ) ਵਾਸੀ ਪਟਿਆਲਾ ਵਜੋਂ ਹੋਈ ਹੈ। ਮੁਲਜ਼ਮ ਦੀ ਪਛਾਣ ਹਰਵਿੰਦਰ ਮਾਨ ਉਰਫ਼ ਹੈਰੀ ਵਜੋਂ ਹੋਈ ਹੈ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਦੋਵੇਂ ਇੱਕ ਨਿੱਜੀ ਪੈਕਰਜ਼ ਐਂਡ ਮੂਵਰਜ਼ ਕੰਪਨੀ ਵਿੱਚ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਇਕੱਠੇ ਕੰਮ ਕਰਦੇ ਸਨ। ਇਸੇ ਦੌਰਾਨ ਦੋਵਾਂ ਵਿਚਾਲੇ ਪ੍ਰੇਮ ਸਬੰਧ ਬਣ ਗਏ, ਪਰ ਕਰੀਬ ਛੇ ਮਹੀਨੇ ਪਹਿਲਾਂ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਬ੍ਰੇਕਅੱਪ ਤੋਂ ਬਾਅਦ ਹਰਵਿੰਦਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ ਅਤੇ ਉਹ ਡਿੰਪਲ 'ਤੇ ਦੁਬਾਰਾ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ, ਜਦਕਿ ਡਿੰਪਲ ਨੇ ਉਸ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਸੀ।
ਵੀਰਵਾਰ ਦੇਰ ਸ਼ਾਮ ਜਦੋਂ ਡਿੰਪਲ ਦਫ਼ਤਰ ਵਿੱਚ ਕੰਮ ਕਰ ਰਹੀ ਸੀ, ਤਾਂ ਹਰਵਿੰਦਰ ਉੱਥੇ ਪਹੁੰਚ ਗਿਆ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਤੈਸ਼ ਵਿੱਚ ਆਏ ਹਰਵਿੰਦਰ ਨੇ ਆਪਣੇ ਕੋਲ ਮੌਜੂਦ ਚਾਕੂ ਨਾਲ ਡਿੰਪਲ 'ਤੇ ਤਾਬੜਤੋੜ ਵਾਰ ਕਰ ਦਿੱਤੇ। ਦਫ਼ਤਰ ਵਿੱਚ ਮੌਜੂਦ ਬਾਕੀ ਮੁਲਾਜ਼ਮਾਂ ਵਿੱਚ ਭਾਜੜ ਮਚ ਗਈ। ਲੜਕੀ ਨੂੰ ਲਹੂ-ਲੁਹਾਨ ਕਰਨ ਤੋਂ ਬਾਅਦ ਮੁਲਜ਼ਮ ਨੇ ਆਪਣੇ ਢਿੱਡ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਵੀ ਚਾਕੂ ਨਾਲ ਕਈ ਵਾਰ ਕੀਤੇ।
ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਘਟਨਾ ਸਥਾਨ ਤੋਂ ਖੂਨ ਨਾਲ ਲਿਬੜਿਆ ਚਾਕੂ ਅਤੇ ਹੋਰ ਸਬੂਤ ਕਬਜ਼ੇ ਵਿੱਚ ਲੈ ਲਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।