ਪੰਜਾਬ ਓਪਨ ਸਕੂਲ ਅਧੀਨ ਮੈਟ੍ਰਿਕੁਲੇਸ਼ਨ ਤੇ ਸੀਨੀਅਰ ਸੈਕੰਡਰੀ ਕੋਰਸਾਂ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ, ਇਸ ਤਰੀਕ ਤੱਕ ਕਰ ਸਕਦੇ ਹੋ ਅਪਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਵਿਚ ਪੂਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਬਲਾਕ-2 (ਜੁਲਾਈ/ਅਗਸਤ 2026) ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
Publish Date: Tue, 13 Jan 2026 07:32 PM (IST)
Updated Date: Tue, 13 Jan 2026 07:36 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਵਿਚ ਪੂਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਬਲਾਕ-2 (ਜੁਲਾਈ/ਅਗਸਤ 2026) ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬੋਰਡ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਬਿਨਾਂ ਲੇਟ ਫੀਸ ਦਾਖ਼ਲਾ ਲੈਣ ਦੀ ਅੰਤਿਮ ਮਿਤੀ 28 ਫਰਵਰੀ 2026 ਤੱਕ ਨਿਰਧਾਰਤ ਕੀਤੀ ਗਈ ਹੈ।
ਬੋਰਡ ਅਨੁਸਾਰ 01 ਮਾਰਚ 2026 ਤੋਂ 30 ਅਪ੍ਰੈਲ 2026 ਤੱਕ ਵਿਦਿਆਰਥੀ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਦੇ ਨਾਲ ਦਾਖ਼ਲਾ ਲੈ ਸਕਦੇ ਹਨ। ਇਨ੍ਹਾਂ ਮਿਤੀਆਂ ਤੋਂ ਬਾਅਦ ਇਸ ਬਲਾਕ ਅਧੀਨ ਓਪਨ ਸਕੂਲ ਦਾਖ਼ਲਿਆਂ ਦੀ ਮਿਆਦ ਵਿਚ ਕੋਈ ਵੀ ਵਾਧਾ ਨਹੀਂ ਕੀਤਾ ਜਾਵੇਗਾ।
ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਐਕਰੀਡਿਟਿਡ ਸਕੂਲਾਂ ਰਾਹੀਂ (ਐਕਰੀਡਿਟਿਡ ਸਕੂਲਾਂ ਦੀ ਸੂਚੀ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲੱਬਧ ਹੈ), ਬੋਰਡ ਦੇ ਖੇਤਰੀ ਦਫ਼ਤਰਾਂ ਦੀ ਸਹਾਇਤਾ ਨਾਲ ਜਾਂ ਸਿੱਧੇ ਤੌਰ ’ਤੇ ਬੋਰਡ ਦੀ ਵੈੱਬਸਾਈਟ ਰਾਹੀਂ ਆਨਲਾਈਨ ਪ੍ਰਕਿਰਿਆ ਦੁਆਰਾ ਦਾਖ਼ਲਾ ਫਾਰਮ ਭਰ ਸਕਦੇ ਹਨ। ਦਾਖ਼ਲਾ ਅਤੇ ਪ੍ਰੀਖਿਆ ਫੀਸ ਜਮ੍ਹਾਂ ਕਰਵਾਉਣ ਦੀ ਵਿਧੀ ਸਿਰਫ਼ ਆਨਲਾਈਨ ਹੋਵੇਗੀ।
ਪੰਜਾਬ ਓਪਨ ਸਕੂਲ ਦੇ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਕੋਰਸਾਂ ਲਈ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਨਿਰਧਾਰਤ ਦਾਖ਼ਲਾ ਅਤੇ ਪ੍ਰੀਖਿਆ ਫੀਸ ਤੋਂ ਇਲਾਵਾ ਕਿਸੇ ਵੀ ਕਿਸਮ ਦੀ ਵਾਧੂ ਫੀਸ ਅਦਾ ਨਹੀਂ ਕਰਨੀ ਪਵੇਗੀ। ਕੋਰਸਾਂ ਸਬੰਧੀ ਪ੍ਰਾਸਪੈਕਟਸ ਅਤੇ ਪਾਠਕ੍ਰਮ ਵੀ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਉਪਲੱਬਧ ਹਨ।
ਬੋਰਡ ਵੱਲੋਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿਰਧਾਰਤ ਮਿਤੀਆਂ ਅੰਦਰ ਦਾਖ਼ਲਾ ਪ੍ਰਕਿਰਿਆ ਪੂਰੀ ਕਰਕੇ ਇਸ ਮੌਕੇ ਦਾ ਪੂਰਾ ਲਾਭ ਉਠਾਉਣ।
ਫੋਟੋ ਕੈਪਸ਼ਨ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਮਾਰਤ। 3ਪੀ