ਮੱਖਣ ਬਰਾੜ ਦੀ ਅਕਾਲੀ ਦਲ ’ਚ ਵਾਪਸੀ ਨਾਲ ਨੌਜਵਾਨਾਂ ’ਚ ਉਤਸ਼ਾਹ
ਪੁਨਰ ਸੁਰਜੀਤ ਅਕਾਲੀ ਦਲ ਨੂੰ
Publish Date: Sat, 11 Apr 2026 03:54 PM (IST)
Updated Date: Sun, 12 Apr 2026 04:00 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ: ਪੁਨਰ ਸੁਰਜੀਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਏ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਕਰਨ ਨਾਲ ਇਲਾਕੇ ਦੇ ਨੌਜਵਾਨਾਂ ਵਿਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਆਪ ਮੁਹਾਰੇ ਮੱਖਣ ਬਰਾੜ ਨੂੰ ਮਿਲਣ ਲਈ ਪਹੁੰਚ ਰਹੇ ਹਨ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਵਧਾਈਆਂ ਦੇ ਰਹੇ ਹਨ। ਮੱਖਣ ਬਰਾੜ ਜੋ ਕਿ ਵਿਕਾਸ ਦੇ ਮਸੀਹੇ ਵਜੋਂ ਜਾਣੇ ਜਾਂਦੇ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਹਨ, ਦੀ ਵਾਪਸੀ ਨੂੰ ਨੌਜਵਾਨ ਵਰਗ ਵੱਲੋਂ ਇਕ ਸਕਾਰਾਤਮਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਯੂਥ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਮੋਲਾ ਸਿੰਘ ਦੇ ਸਪੁੱਤਰ ਗੁਰਪੰਥ ਸਿੱਧੂ, ਹਰਪਾਲ ਸਿੰਘ ਸਿੱਧੂ, ਪਿੰਦਰ ਸਿੰਘ, ਅਭੀ ਬਾਵਾ, ਭੁਪਿੰਦਰ ਸਿੰਘ, ਬੰਟੀ, ਬਲਜਿੰਦਰ ਭੋਲਾ, ਮੇਜਰ ਸਿੰਘ ਸਿੱਧੂ, ਦਲੇਰ ਸਿੰਘ, ਗੋਰਾ ਸਿੰਘ, ਹਰਭਜਨ ਸਿੰਘ ਪਿੰਡ ਤਲਵੰਡੀ ਨੌ ਬਹਾਰ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਨੌਜਵਾਨਾਂ ਨੇ ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀ ਅਗਵਾਈ ਹੇਠ ਮੱਖਣ ਬਰਾੜ ਨੂੰ ਮੁੜ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤੀ ਮਿਲੇਗੀ ਅਤੇ ਨੌਜਵਾਨਾਂ ਵਿਚ ਨਵਾਂ ਜੋਸ਼ ਪੈਦਾ ਹੋਇਆ ਹੈ। ਮੱਖਣ ਬਰਾੜ ਨੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਣ ਦੀ ਕੋਸ਼ਿਸ਼ ਕਰਨਗੇ ਅਤੇ ਇਲਾਕੇ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਚਲਣਾ ਹੀ ਉਨ੍ਹਾਂ ਦੀ ਪਹਿਲ ਰਹੇਗੀ। ਇਸ ਮੌਕੇ ਨੌਜਵਾਨਾਂ ਨੇ ਭਰੋਸਾ ਦਿੱਤਾ ਕਿ ਉਹ ਮੱਖਣ ਬਰਾੜ ਦੇ ਨਾਲ ਮਿਲ ਕੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨਗੇ।