ਭਾਰਤ, ਅਮਰੀਕਾ ਟ੍ਰੇਡ ਡੀਲ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਸੰਸਦ ਦਾ ਘਿਰਾਓ
ਭਾਰਤ ਅਤੇ ਅਮਰੀਕਾ ਵਿਚਕਾਰ ਹੋ
Publish Date: Tue, 17 Mar 2026 03:43 PM (IST)
Updated Date: Wed, 18 Mar 2026 04:01 AM (IST)

ਵਕੀਲ ਮਹਿਰੋਂ , ਪੰਜਾਬੀ ਜਾਗਰਣ ਮੋਗਾ: ਭਾਰਤ ਅਤੇ ਅਮਰੀਕਾ ਵਿਚਕਾਰ ਹੋ ਰਹੀ ਟ੍ਰੇਡ ਡੀਲ ਦੇ ਵਿਰੋਧ ਵਿਚ ਇੰਡੀਅਨ ਯੂਥ ਕਾਂਗਰਸ ਵੱਲੋਂ ਅੱਜ ਦਿੱਲੀ ਵਿਖੇ ਸੰਸਦ ਦਾ ਘਿਰਾਓ ਕਰਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦੇਸ਼ ਭਰ ਤੋਂ ਪਹੁੰਚੇ ਯੂਥ ਕਾਂਗਰਸ ਦੇ ਨੌਜਵਾਨ ਵਰਕਰਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ ਅਤੇ ਟ੍ਰੇਡ ਡੀਲ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਪ੍ਰਦਰਸ਼ਨ ਵਿਚ ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਵੀ ਨੌਜਵਾਨ ਆਗੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਯੂਥ ਕਾਂਗਰਸ ਦੇ ਜ਼ਿਲ੍ਹਾ ਮੋਗਾ ਦੇ ਆਗੂ ਸੋਹਣਾ ਖੇਲਾ ਜਲਾਲਾਬਾਦ ਅਤੇ ਈਸ਼ਵਰ ਸਿੰਘ ਢਿੱਲੋਂ ਮਹਿਰੋਂ ਦੀ ਅਗਵਾਈ ਹੇਠ ਨੌਜਵਾਨਾਂ ਦਾ ਇਕ ਵੱਡਾ ਜਥਾ ਮੋਗਾ ਤੋਂ ਦਿੱਲੀ ਪਹੁੰਚਿਆ ਅਤੇ ਸੰਸਦ ਦੇ ਘਿਰਾਓ ਦੌਰਾਨ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਰਤ, ਅਮਰੀਕਾ ਟ੍ਰੇਡ ਡੀਲ ਦੇਸ਼ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਡੇਅਰੀ ਸੈਕਟਰ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਸਮਝੌਤਾ ਲਾਗੂ ਕੀਤਾ ਗਿਆ ਤਾਂ ਇਸ ਨਾਲ ਦੇਸ਼ ਦੇ ਖੇਤੀਬਾੜੀ ਖੇਤਰ ਅਤੇ ਦੁੱਧ ਉਤਪਾਦਨ ਨਾਲ ਜੁੜੇ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਯੂਥ ਕਾਂਗਰਸ ਦੇਸ਼ ਦੇ ਨੌਜਵਾਨਾਂ ਅਤੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਹਮੇਸ਼ਾ ਮੈਦਾਨ ਵਿਚ ਖੜ੍ਹੀ ਰਹੀ ਹੈ ਅਤੇ ਭਵਿੱਖ ਵਿਚ ਵੀ ਕਿਸੇ ਵੀ ਅਜਿਹੇ ਫ਼ੈਸਲੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਜੋ ਦੇਸ਼ ਦੇ ਲੋਕਾਂ ਦੇ ਹਿੱਤਾਂ ਦੇ ਖ਼ਿਲਾਫ਼ ਹੋਵੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਸਮਝੌਤੇ ਦੇਸ਼ ਦੀ ਆਰਥਿਕਤਾ ਅਤੇ ਖੇਤੀਬਾੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਕਾਰਨ ਨੌਜਵਾਨਾਂ ਵਿਚ ਵੀ ਗਹਿਰਾ ਰੋਸ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨ ਦੌਰਾਨ ਨੌਜਵਾਨਾਂ ਨੇ ਸੰਸਦ ਦੇ ਬਾਹਰ ਇਕੱਠੇ ਹੋ ਕੇ ਮੋਦੀ ਸਰਕਾਰ ਖ਼ਿਲਾਫ਼ ਤਿੱਖੀ ਨਾਰੇਬਾਜ਼ੀ ਕੀਤੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹ ਟ੍ਰੇਡ ਡੀਲ ਤੁਰੰਤ ਰੱਦ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨੌਜਵਾਨਾਂ ਅਤੇ ਕਿਸਾਨਾਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਤਾਂ ਦੇਸ਼ ਭਰ ਵਿਚ ਹੋਰ ਵੱਡੇ ਪੱਧਰ ’ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੋਗਾ ਜ਼ਿਲ੍ਹੇ ਤੋਂ ਪਹੁੰਚੇ ਕਈ ਨੌਜਵਾਨ ਆਗੂ ਅਤੇ ਵਰਕਰ ਵੀ ਮੌਜੂਦ ਸਨ। ਜਿਨ੍ਹਾਂ ਵਿਚ ਕੁਲਦੀਪ ਸਿੰਘ, ਸੁਖਪ੍ਰੀਤ ਸਿੰਘ, ਹਰਜੀਤ ਸਿੰਘ, ਜਗਸੀਰ ਸਿੰਘ, ਪਰਮਜੀਤ ਬੰਦੇਸਾ ਅਤੇ ਗੁਰਕੀਰਤ ਸਿੰਘ ਸਮੇਤ ਹੋਰ ਕਈ ਸਾਥੀ ਸ਼ਾਮਲ ਸਨ।