- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸ਼ਹਿਰ ਦੇ ਮੁੱਮੋਗਾ ਬੱਸ ਅੱਡੇ ਦੇ ਬਾਹਰ ਸੜਕ ਦੀ ਹਾਲਤ ਖਸਤਾ, ਲੋਕ ਦੁਖੀ

ਹਫਤੇ ਬਾਅਦ ਵੀ ਨਹੀਂ ਸੁੱਕਾ ਮੀਂਹ ਦਾ ਪਾਣੀ, ਆਵਾਜਾਈ ਪ੍ਰਭਾਵਿਤ
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਦੇ ਮੁੱਖ ਬੱਸ ਸਟੈਂਡ ਦੇ ਬਾਹਰ ਸਥਿਤ ਅੰਮ੍ਰਿਤਸਰ ਰੋਡ ’ਤੇ ਮੀਂਹ ਦੇ ਪਾਣੀ ਦੀ ਸਮੱਸਿਆ ਇਕ ਵਾਰ ਫ਼ਿਰ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਮੀਂਹ ਪਏ ਨੂੰ ਲਗਭਗ ਇਕ ਹਫ਼ਤਾ ਬੀਤ ਚੁੱਕਾ ਹੈ ਪਰ ਬੱਸ ਸਟੈਂਡ ਦੇ ਬਾਹਰ ਸੜਕ ’ਤੇ ਇਕੱਠਾ ਹੋਇਆ ਪਾਣੀ ਅਜੇ ਤੱਕ ਵੀ ਨਹੀਂ ਸੁੱਕਿਆ। ਜਿਸ ਕਾਰਨ ਰੋਜ਼ਾਨਾ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਹ ਹਾਲਾਤ ਕਿਸੇ ਇਕ ਵਾਰ ਦੇ ਨਹੀਂ, ਸਗੋਂ ਪਿਛਲੇ ਕਈ ਸਾਲਾਂ ਤੋਂ ਹਰ ਬਰਸਾਤ ਦੇ ਮੌਸਮ ਦੌਰਾਨ ਇੱਥੇ ਇਹੋ ਜਿਹੀ ਸਥਿਤੀ ਬਣ ਜਾਂਦੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਰੋਡ ਮੋਗਾ ਵਿਖੇ ਜਿੱਥੋਂ ਰੋਜ਼ਾਨਾ ਸੈਂਕੜੇ ਬੱਸਾਂ ਅਤੇ ਯਾਤਰੀ ਆਵਾਜਾਈ ਕਰਦੇ ਹਨ। ਮੋਗਾ ਬੱਸ ਸਟੈਂਡ ਵਿਚ ਦਾਖਿਲ ਹੋਣ ਅਤੇ ਬਾਹਰ ਨਿਕਲਣ ਲਈ ਬੱਸਾਂ ਵਾਸਤੇ ਬਣਾਇਆ ਗਿਆ ਖ਼ਾਸ ਰਸਤਾ ਬੱਸ ਸਟੈਂਡ ਦੇ ਬਾਹਰੋਂ ਲੰਘਦਾ ਹੈ ਜੋ ਕਿ ਹਮੇਸ਼ਾ ਮੀਂਹ ਦੇ ਦਿਨਾਂ ਵਿਚ ਪਾਣੀ ਨਾਲ ਭਰਿਆ ਰਹਿੰਦਾ ਹੈ। ਆਮ ਲੋਕਾਂ ਲਈ ਤਾਂ ਬੱਸ ਸਟੈਂਡ ਅੰਦਰ ਜਾਣ ਵਾਸਤੇ ਹੋਰ ਰਸਤਾ ਹੈ ਪਰ ਬੱਸਾਂ ਨੂੰ ਹਰ ਹਾਲਤ ਵਿਚ ਇਸੀ ਪਾਣੀ ਵਾਲੇ ਰਸਤੇ ’ਚੋਂ ਲੰਘਣਾ ਪੈਂਦਾ ਹੈ। ਭਾਰੀ ਬੱਸਾਂ ਦੀ ਲਗਾਤਾਰ ਆਵਾਜਾਈ ਕਾਰਨ ਇਹ ਸੜਕ ਕਾਫ਼ੀ ਸਮੇਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ। ਸੜਕ ਦੀ ਹਾਲਤ ਖ਼ਰਾਬ ਹੋਣ ਕਾਰਨ ਮੀਂਹ ਦਾ ਪਾਣੀ ਨਿਕਾਸੀ ਨਾ ਹੋ ਸਕਣ ਕਰਕੇ ਇੱਥੇ ਇਕੱਠਾ ਹੋ ਜਾਂਦਾ ਹੈ। ਮਾਨਸੂਨ ਦੌਰਾਨ ਕਈ ਵਾਰ ਇਕ ਮਹੀਨੇ ਤੱਕ ਬੱਸਾਂ ਨੂੰ ਇਸ ਭਰੇ ਹੋਏ ਪਾਣੀ ’ਚੋਂ ਲੰਘਣਾ ਪੈਂਦਾ ਹੈ ਜਿਸ ਨਾਲ ਨਾ ਸਿਰਫ਼ ਬੱਸਾਂ ਨੂੰ ਨੁਕਸਾਨ ਪਹੁੰਚਦਾ ਹੈ ਸਗੋਂ ਯਾਤਰੀਆਂ ਨੂੰ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਰੋਡਵੇਜ਼ ਦੇ ਜਨਰਲ ਮੈਨੇਜਰ ਸੁਖਜੀਤ ਸਿੰਘ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਾਲ ਹੀ ਵਿਚ ਹੋਈ ਬਾਰਿਸ਼ ਤੋਂ ਬਾਅਦ ਇੱਥੇ ਪਾਣੀ ਦੀ ਮਾਤਰਾ ਹੋਰ ਵੀ ਵਧ ਗਈ ਸੀ। ਰੋਡਵੇਜ਼ ਵਿਭਾਗ ਵੱਲੋਂ ਪੰਪ ਲਗਾ ਕੇ ਕੁੱਝ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਅਜੇ ਵੀ ਸੜਕ ’ਤੇ ਕਾਫ਼ੀ ਪਾਣੀ ਮੌਜੂਦ ਹੈ। ਜਦੋਂ ਬੱਸਾਂ ਇਸ ਰਸਤੇ ਵਿਚੋਂ ਲੰਘਦੀਆਂ ਹਨ ਤਾਂ ਟਾਇਰਾਂ ਨਾਲ ਚਿੱਕੜ ਅਤੇ ਗੰਦਾ ਪਾਣੀ ਉੱਛਲ ਕੇ ਬੱਸ ਸਟੈਂਡ ਦੇ ਅੰਦਰ ਤੱਕ ਪਹੁੰਚ ਜਾਂਦਾ ਹੈ, ਜਿਸ ਨਾਲ ਬੱਸ ਸਟੈਂਡ ਅੰਦਰ ਗੰਦਗੀ ਫ਼ੈਲ ਰਹੀ ਹੈ ਅਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਸਾਲਾਂ ਪੁਰਾਣੀ ਸਮੱਸਿਆ ਦੇ ਸਥਾਈ ਹੱਲ ਲਈ ਪਿਛਲੇ ਕਈ ਮਹੀਨਿਆਂ ਤੋਂ ਨਿਕਾਸੀ ਪ੍ਰਣਾਲੀ ਨੂੰ ਸੁਧਾਰਨ ਵਾਸਤੇ ਕੰਮ ਚੱਲ ਰਿਹਾ ਹੈ। ਮੁੱਖ ਸੜਕ ਦੇ ਨੇੜੇ ਇਕੱਠੇ ਹੋਣ ਵਾਲੇ ਮੀਂਹ ਦੇ ਪਾਣੀ ਨੂੰ ਨਿਕਾਸੀ ਲਈ ਮੁੱਖ ਪਾਈਪਲਾਈਨ ਨਾਲ ਜੋੜਨ ਵਾਸਤੇ ਨਵੀਂ ਪਾਈਪਲਾਈਨ ਵਿਛਾਈ ਜਾ ਰਹੀ ਹੈ। ਇਸ ਪ੍ਰੋਜੈਕਟ ‘ਤੇ ਲਗਭਗ 1 ਲੱਖ 26 ਹਜ਼ਾਰ ਰੁਪਏ ਦੀ ਲਾਗਤ ਆਵੇਗੀ ਜੋ ਰਕਮ ਸਰਕਾਰ ਵੱਲੋਂ ਮਨਜ਼ੂਰ ਹੋਣ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਪੀਡਬਲਯੂਡੀ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਹੈ। ਲੋਕ ਨਿਰਮਾਣ ਵਿਭਾਗ ਅਨੁਸਾਰ ਠੇਕੇਦਾਰ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਲਗਾਤਾਰ ਮੀਂਹ ਪੈਣ ਕਾਰਨ ਕੰਮ ਅਸਥਾਈ ਤੌਰ ’ਤੇ ਰੁਕ ਗਿਆ ਹੈ। ਜਿਵੇਂ ਹੀ ਮੌਸਮ ਵਿਚ ਸੁਧਾਰ ਆਵੇਗਾ ਕੰਮ ਨੂੰ ਮੁੜ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ। ਪਾਈਪਲਾਈਨ ਤਿਆਰ ਹੋਣ ਤੋਂ ਬਾਅਦ ਇੱਥੇ ਇਕੱਠਾ ਹੋਣ ਵਾਲਾ ਪਾਣੀ ਸਿੱਧਾ ਨਿਕਾਸੀ ਪ੍ਰਣਾਲੀ ਰਾਹੀਂ ਵਹਿ ਜਾਵੇਗਾ ਜਿਸ ਨਾਲ ਆਉਣ ਵਾਲੇ ਬਰਸਾਤੀ ਮੌਸਮ ਵਿਚ ਬੱਸ ਸਟੈਂਡ ਦੇ ਬਾਹਰ ਪਾਣੀ ਭਰਨ ਦੀ ਸਮੱਸਿਆ ਤੋਂ ਨਿਜ਼ਾਤ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਰਕਮ ਲੋਕ ਨਿਰਮਾਣ ਵਿਭਾਗ ਕੋਲ ਜਮ੍ਹਾਂ ਕਰਵਾ ਦਿੱਤੀ ਗਈ ਹੈ ਅਤੇ ਠੇਕੇਦਾਰ ਵੱਲੋਂ ਨਿਕਾਸੀ ਪਾਈਪਲਾਈਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਕੰਮ ਵਿਚ ਕੁੱਝ ਦੇਰੀ ਹੋਈ ਹੈ ਪਰ ਉਮੀਦ ਹੈ ਕਿ ਅਗਲੇ ਦੋ ਹਫ਼ਤਿਆਂ ਦੇ ਅੰਦਰ ਇਹ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ ਅਤੇ ਭਵਿੱਖ ਵਿਚ ਬੱਸਾਂ ਅਤੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।