ਦਸਮੇਸ਼ ਸਕੂਲ ਬਿਲਾਸਪੁਰ 'ਚ ਮਨਾਇਆ ਵਿਸ਼ਵ ਸਿਹਤ ਦਿਵਸ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ
Publish Date: Wed, 08 Apr 2026 03:26 PM (IST)
Updated Date: Thu, 09 Apr 2026 03:59 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਦਵਿੰਦਰ ਸਿੰਘ ਲੋਟੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਵੱਲੋਂ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਵਿਸ਼ਵ ਸਿਹਤ ਦਿਵਸ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਮੌਕੇ ਕਰਵਾਏ ਪ੍ਰਭਾਵਸ਼ਾਲੀ ਸੈਮੀਨਾਰ ਦਾ ਆਗਾਜ਼ ਕਰਦਿਆਂ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਦੱਸਿਆ ਕਿ ਹਰ ਵਰ੍ਹੇ 7 ਅਪ੍ਰੈਲ ਨੂੰ ਦੁਨੀਆ ਭਰ ਵਿਚ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਸਿਹਤ ਸੰਭਾਲ ਬਾਰੇ ਜਾਗਰੂਕ ਕਰਨਾ ਹੈ। ਸਕੂਲ ਪ੍ਰਬੰਧਕ ਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੁਦਰਤ ਨਾਲ ਜੁੜ ਕੇ ਅਤੇ ਪੌਸ਼ਟਿਕ ਖੁਰਾਕ ਰਾਹੀਂ ਤੰਦਰੁਸਤ ਜੀਵਨ ਜਿਉਣਾ ਸੰਭਵ ਹੈ। ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਬਜ਼ਾਰੂ ਅਤੇ ਮਿਲਾਵਟ ਵਾਲੇ ਪਦਾਰਥਾਂ ਤੋਂ ਪ੍ਰਹੇਜ਼ ਰੱਖਦਿਆਂ ਸਿਹਤਮੰਦ ਜ਼ਿੰਦਗੀ ਬਸਰ ਕਰਨ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਰੋਜ਼ਾਨਾ ਕਸਰਤ ਕਰਨ ਅਤੇ ਘਰ ਦਾ ਬਣਿਆ ਖਾਣਾ ਖਾਣ ਦੀ ਨਸੀਹਤ ਕੀਤੀ। ਵਾਈਸ ਪ੍ਰਿੰਸੀਪਲ ਮੈਡਮ ਮੀਨਾ ਜੈਨ ਨੇ ਜੰਕ ਫੂਡ ਨੂੰ ਬਿਮਾਰੀਆਂ ਦੀ ਜਨਨੀ ਦੱਸਦਿਆਂ ਤੰਦਰੁਸਤ ਰਹਿਣ ਲਈ ਇਸ ਤੋਂ ਤੋਬਾ ਕਰਨ ਦਾ ਪੈਗ਼ਾਮ ਦਿੱਤਾ। ਅਖ਼ੀਰ ਵਿਚ ਹੋਰ ਬੁਲਾਰਿਆਂ ਨੇ ਤੱਤ ਸਾਰ ਪੇਸ਼ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਉਦੋਂ ਹੀ ਸਫ਼ਲ ਹੋ ਸਕਦੇ ਹਨ ਜਦੋਂ ਕੀਮਤੀ ਸੁਝਾਵਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਇਸ ਸਮੇਂ ਹੋਰ ਅਧਿਆਪਕਾਂ ਅਤੇ ਵਲੰਟੀਅਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਹ ਸੈਮੀਨਾਰ ਵਲੰਟੀਅਰਾਂ ਨੂੰ ਸਿਹਤਮੰਦ ਜੀਵਨ ਜਾਚ ਸਿਖਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਰਿਹਾ।