- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਕੇਪੀਐੱਮਯੂ ਵੱਲੋਂ ਚਲਾਈ ਜਾ ਰਹੀ ਪੰਦਰਵਾੜਾ ਮੁਹਿੰਮ ਦੇ ਤਹਿਤ ਪਿੰਡ ਸਾਫ਼ੂਵਾਲਾ ਵਿਚ ਇਕ ਅਹਿਮ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੂਬਾ ਕਨਵੀਨਰ ਲਖਬੀਰ ਸਿੰਘ ਲੱਖਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਵੱਲੋਂ ਮਜ਼ਦੂਰਾਂ ਦੀਆਂ ਭਖ਼ਦੀਆਂ ਮੰਗਾਂ ਨੂੰ ਲੈ ਕੇ ਜਾਗਰੂਕਤਾ ਫ਼ੈਲਾਉਣ ਲਈ ਪੰਦਰਵਾੜਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੀ ਲੜੀ ਤਹਿਤ ਸਾਫ਼ੂਵਾਲਾ ਵਿਚ ਮਜ਼ਦੂਰਾਂ ਦਾ ਇਕੱਠ ਕਰਕੇ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਇਕੱਠੇ ਹੋਣ ਦਾ ਸੰਦੇਸ਼ ਦਿੱਤਾ ਗਿਆ। ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਦੋਸ਼ ਲਗਾਇਆ ਕਿ ਮਨਰੇਗਾ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਅਤੇ ਪੁਰਾਣੇ ਲੇਬਰ ਕਾਨੂੰਨ ਰੱਦ ਕਰਕੇ ਚਾਰ ਨਵੇਂ ਲੇਬਰ ਕੋਡ ਲਾਗੂ ਕਰ ਦਿੱਤੇ ਗਏ ਹਨ, ਜਿਸ ਨਾਲ ਮਜ਼ਦੂਰ ਵਰਗ ਦੇ ਹੱਕਾਂ ’ਤੇ ਘਾਟ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਨ ਕਾਰਡਾਂ ’ਤੇ ਮਿਲਦਾ ਅਨਾਜ਼ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਾ ਰੁਜ਼ਗਾਰ ਮਿਲ ਰਿਹਾ ਹੈ ਅਤੇ ਨਾ ਹੀ ਬੇਰੁਜ਼ਗਾਰੀ ਭੱਤਾ ਦਿੱਤਾ ਜਾ ਰਿਹਾ ਹੈ। ਮੀਟਿੰਗ ਦੌਰਾਨ ਮਜ਼ਦੂਰਾਂ ਦੀਆਂ ਹੋਰ ਸਮੱਸਿਆਵਾਂ ਵੀ ਉਠਾਈਆਂ ਗਈਆਂ ਜਿਵੇਂ ਕਿ ਲੋੜਵੰਦਾਂ ਨੂੰ ਦਸ ਮਰਲੇ ਦੇ ਪਲਾਟ ਨਾ ਮਿਲਣਾ, ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਨਾ ਹੋਣਾ, 58 ਸਾਲ ਦੇ ਮਜ਼ਦੂਰਾਂ ਅਤੇ 55 ਸਾਲ ਦੀਆਂ ਮਹਿਲਾ ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਪੈਨਸ਼ਨ ਨਾ ਮਿਲਣਾ ਅਤੇ ਸਵੈਰੁਜ਼ਗਾਰ ਲਈ ਘੱਟ ਵਿਆਜ ਦਰ ’ਤੇ ਕਰਜ਼ਾ ਨਾ ਮਿਲਣਾ। ਆਗੂਆਂ ਨੇ ਦੋਸ਼ ਲਗਾਇਆ ਕਿ ਕਾਰਪੋਰੇਟ ਘਰਾਨਿਆਂ ਦੇ ਹੱਕ ਵਿਚ ਨੀਤੀਆਂ ਬਣਾਕੇ ਗਰੀਬਾਂ ਦੇ ਹਿੱਸੇ ਦੀਆਂ ਜ਼ਮੀਨਾਂ ਅਤੇ ਸਾਧਨਾਂ ਦੀ ਵੰਡ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਅਮਰੀਕਾ ਨਾਲ ਹੋ ਰਹੇ ਮੁਫ਼ਤ ਟਰੇਡ ਸਮਝੌਤਿਆਂ ਨੂੰ ਵੀ ਕਿਸਾਨਾਂ ਅਤੇ ਮਜ਼ਦੂਰਾਂ ਲਈ ਨੁਕਸਾਨਦੇਹ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੀ ਖੇਤੀ ਅਤੇ ਮਜ਼ਦੂਰ ਵਰਗ ਹੋਰ ਮੁਸ਼ਕਲਾਂ ਵਿਚ ਫਸੇਗਾ। ਮੀਟਿੰਗ ਦੇ ਅਖ਼ੀਰ ਵਿਚ ਮਜ਼ਦੂਰਾਂ ਨੂੰ ਆਪਣੀਆਂ ਮੰਗਾਂ ਲਈ ਸੰਘਰਸ਼ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਪਿੰਡ ਕਮੇਟੀ ਦੀ ਚੋਣ ਵੀ ਕੀਤੀ ਗਈ, ਜਿਸ ਵਿਚ ਗੁਰਵਿੰਦਰ ਸਿੰਘ ਨੂੰ ਕਨਵੀਨਰ, ਜਸਵੀਰ ਸਿੰਘ ਨੂੰ ਕੋਕਨਵੀਨਰ ਅਤੇ ਸ਼ਿੰਦਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਦਲੇਰ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਮੰਨੂ, ਕੇਵਲ ਸਿੰਘ, ਅਮਰਜੀਤ ਸਿੰਘ, ਜਗਸੀਰ ਸਿੰਘ, ਸਵਰਨ ਸਿੰਘ, ਗੁਰਪ੍ਰੀਤ ਸਿੰਘ ਅਤੇ ਸੰਤੋਖ ਸਿੰਘ ਨੂੰ ਕਮੇਟੀ ਮੈਂਬਰ ਬਣਾਇਆ ਗਿਆ। ਨਵੀਂ ਚੁਣੀ ਕਮੇਟੀ ਨੇ ਭਰੋਸਾ ਦਵਾਇਆ ਕਿ ਉਹ ਯੂਨੀਅਨ ਦੀਆਂ ਸਰਗਰਮੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨਗੇ।