ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹੇ ਭਰ 'ਚ ਰੋਸ ਪ੍ਰਦਰਸ਼ਨ
ਬੀਤੇ ਕੱਲ੍ਹ ਭਾਰਤੀ ਕਿਸਾਨ
Publish Date: Sat, 07 Feb 2026 04:55 PM (IST)
Updated Date: Sun, 08 Feb 2026 04:02 AM (IST)
ਮੁੱਖ ਮੰਤਰੀ ਦੇ ਪੁਤਲੇ ਫੂਕ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਬੀਤੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਾਥੀਆਂ ਤੇ ਸਾਂਤਮਈ ਰੋਸ਼ ਪ੍ਰਦਰਸ਼ਨ ਕਰਦਿਆਂ ਉੱਪਰ ਪੰਜਾਬ ਸਰਕਾਰ ਦੀ ਸ਼ਹਿ ’ਤੇ ਬਠਿੰਡਾ ਪੁਲਿਸ ਵੱਲੋਂ ਅੰਨ੍ਹੇਵਾਹ ਲਾਠੀਚਾਰਜ ਅਤੇ ਅੱਥਰੂ ਗੈਂਸ ਦੇ ਗੋਲੇ ਦਾਗੇ ਗਏ। ਇਸ ਜ਼ਬਰ ਖ਼ਿਲਾਫ਼ ਸ਼ਨੀਵਾਰ ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਪੂਰੇ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਵੈਰੋਕੇ, ਮੱਲੇਆਣਾ, ਡਾਲਾ, ਲੰਡੇ, ਖੁਖਰਾਣਾ ਆਦਿ ਦਰਜ਼ਨਾਂ ਪਿੰਡਾਂ ਵਿਚ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਭਗਵੰਤ ਮਾਨ ਦੇ ਪੁਤਲੇ ਫੂਕੇ ਅਤੇ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਕਰਨ ਸਿੰਘ ਵੈਰੋਕੇ ਅਤੇ ਬੇਅੰਤ ਸਿੰਘ ਮੱਲੇਆਣਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸ਼ਗਨਪ੍ਰੀਤ ਸਿੰਘ ਅਤੇ ਬਲਦੇਵ ਸਿੰਘ ਜਿਉਂਦ ਵਿਖੇ ਕਿਸਾਨਾਂ ਦੀ ਜ਼ਮੀਨ ’ਤੇ ਕਾਰਪੋਰੇਟ ਵੱਲੋਂ ਕੀਤੇ ਕਬਜ਼ੇ ਖਿਲਾਫ਼ ਸੰਘਰਸ਼ ਦੌਰਾਨ ਗ੍ਰਿਫ਼ਤਾਰੀ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਦੌਰਾਨ ਸ਼ਗਨਪ੍ਰੀਤ ਸਿੰਘ ਦੇ ਮਾਤਾ ਦੀ ਮੌਤ ਹੋ ਜਾਂਦੀ ਹੈ ਪਰੰਤੂ ਸ਼ਗਨਪ੍ਰੀਤ ਨੂੰ ਆਪਣੀ ਮਾਤਾ ਦੇ ਸਸਕਾਰ ’ਤੇ ਵੀ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਇਸ ਵਹਿਸ਼ੀ ਪੁਣੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸਾਥੀਆਂ ਦੀ ਰਿਹਾਈ ਲਈ ਡੀਸੀ ਬਠਿੰਡਾ ਦੇ ਦਫ਼ਤਰ ਅੱਗੇ ਸ਼ਾਂਤਮਈ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ। ਪਰੰਤੂ ਪੁਲਿਸ ਨੇ ਬੀਤੇ ਕੱਲ੍ਹ ਤੜਕਸਾਰ ਹੀ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਸੰਘਰਸ਼ ਨੂੰ ਕੁਚਲਣ ਲਈ ਆਗੂਆਂ ਅਤੇ ਔਰਤਾਂ ਉੱਪਰ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਇਸ ਫਾਸ਼ੀਵਾਦੀ ਰਵੱਈਏ ਖ਼ਿਲਾਫ਼ ਕਿਸਾਨ ਕਿਸਾਨ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਪੂਰੇ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ਼ ਪ੍ਰਦਰਸ਼ਨ ਕੀਤੇ ਗਏ ਅਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ। ਇਸ ਮੌਕੇ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ, ਛਿੰਦਰ ਸਿੰਘ ਮੱਲੇਆਣਾ, ਸ਼ਿਦਰ ਸਿੰਘ ਮੱਲੇਆਣਾ, ਬਲਕਰਨ ਸਿੰਘ, ਅਮਨਪ੍ਰੀਤ ਸਿੰਘ, ਅੰਗਰੇਜ ਸਿੰਘ, ਸ਼ਿੰਦਰ ਸਿੰਘ ਵੈਰੋਕੇ, ਬਲਜੀਤ ਸਿੰਘ, ਸਾਧੂ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ ਪਿੰਡ ਲੰਡੇ, ਮੋਹਣ ਸਿੰਘ, ਗੁਰਚਰਨ ਸਿੰਘ, ਬਲਵੀਰ ਸਿੰਘ ਡਾਲਾ, ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ, ਕੁਲਦੀਪ ਸਿੰਘ, ਬਿੱਕਰ ਸਿੰਘ ਅਤੇ ਅਵਤਾਰ ਸਿੰਘ ਖੁਖਰਾਣਾ ਤੋਂ ਇਲਾਵਾ ਜਥੇਬੰਦੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।