ਔਰਤਾਂ ਨੂੰ 48 ਹਜ਼ਾਰ ਬਕਾਇਆ ਦਿੱਤਾ ਜਾਵੇ : ਖ਼ਾਲਸਾ
ਸਾਲ 2022 ਦੀਆਂ
Publish Date: Mon, 09 Mar 2026 04:06 PM (IST)
Updated Date: Tue, 10 Mar 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਣਨ ਉਪਰੰਤ ਹਰ ਬੀਬੀ ਨੂੰ ਹਰ ਮਹੀਨੇ 1000 ਰੁਪਏ ਆਰਥਿਕ ਸਹਾਇਤਾ ਵਜੋਂ ਦਿੱਤੇ ਜਾਣਗੇ। ਇਸ ਵਾਅਦੇ ’ਤੇ ਭਰੋਸਾ ਕਰਦਿਆਂ ਪੰਜਾਬ ਦੀਆਂ ਮਹਿਲਾਵਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਅਤੇ 92 ਵਿਧਾਇਕਾਂ ਨਾਲ ਸਰਕਾਰ ਬਣਾਈ ਪਰ ਸਰਕਾਰ ਬਣੇ ਨੂੰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕਿਸੇ ਵੀ ਮਹਿਲਾ ਦੇ ਖਾਤੇ ਵਿਚ ਇਹ ਰਕਮ ਨਹੀਂ ਪਹੁੰਚੀ। ਇਹ ਗੱਲਾਂ ਜ਼ਿਲ੍ਹਾ ਮੋਗਾ ਦੇ ਆਗੂ ਭਾਈ ਬਲਰਾਜ ਸਿੰਘ ਖ਼ਾਲਸਾ ਨੇ ਆਪਣੇ ਬਿਆਨ ’ਚ ਕਹੀਆਂ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੜ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ ਪਰ ਪੰਜਾਬ ਦੀਆਂ ਮਹਿਲਾਵਾਂ ਦੇ ਮਨ ਵਿਚ ਇਹ ਸਵਾਲ ਉੱਠਦਾ ਹੈ ਕਿ ਪਿਛਲੇ ਚਾਰ ਸਾਲਾਂ ਦਾ ਬਣਦਾ ਬਕਾਇਆ ਕੀ ਹੋਵੇਗਾ। ਭਾਈ ਬਲਰਾਜ ਸਿੰਘ ਖ਼ਾਲਸਾ ਨੇ ਕਿਹਾ ਕਿ ਜੇਕਰ ਸਰਕਾਰ ਮਹਿਲਾਵਾਂ ਦੀ ਭਲਾਈ ਲਈ ਗੰਭੀਰ ਹੈ ਤਾਂ ਉਸ ਨੂੰ ਸਿਰਫ਼ ਹਜ਼ਾਰ ਰੁਪਏ ਦੀ ਸਕੀਮ ਸ਼ੁਰੂ ਕਰਨ ਦਾ ਐਲਾਨ ਹੀ ਨਹੀਂ ਕਰਨਾ ਚਾਹੀਦਾ ਸਗੋਂ ਪਿਛਲੇ ਚਾਰ ਸਾਲਾਂ ਦਾ ਬਣਦਾ ਪੂਰਾ ਬਕਾਇਆ ਵੀ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਹਰ ਮਹੀਨੇ 1000 ਰੁਪਏ ਦੇ ਹਿਸਾਬ ਨਾਲ ਗਿਣਤੀ ਕੀਤੀ ਜਾਵੇ ਤਾਂ ਇਕ ਮਹਿਲਾ ਦਾ ਚਾਰ ਸਾਲਾਂ ਦਾ ਲਗਭਗ 48 ਹਜ਼ਾਰ ਰੁਪਏ ਬਣਦਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਮਹਿਲਾ ਦੇ ਖਾਤੇ ਵਿਚ ਇਹ ਪੂਰੀ ਰਕਮ ਜਮ੍ਹਾਂ ਕਰਵਾਈ ਜਾਵੇ। ਇਸ ਮੌਕੇ ਹੋਰ ਆਗੂ ਵੀ ਮੌਜੂਦ ਸਨ ਜਿਨ੍ਹਾਂ ਵਿਚ ਬਲਵਿੰਦਰ ਸਿੰਘ ਸਰਕਲ ਪ੍ਰਧਾਨ ਨਿਹਾਲ ਸਿੰਘ ਵਾਲਾ, ਹਰਪ੍ਰੀਤ ਸਿੰਘ ਯੂਥ ਵਿੰਗ ਵਾਈਸ ਪ੍ਰਧਾਨ ਮੋਗਾ, ਬਲੌਰ ਸਿੰਘ ਰੌਤਾ, ਬਲਤੇਜ ਸਿੰਘ ਪੱਤੋ, ਜਗਜੀਤ ਸਿੰਘ ਧਰਮਕੋਟ, ਪ੍ਰੀਤਮ ਸਿੰਘ ਧਰਮੀ ਫੌਜੀ, ਬਲਜੀਤ ਸਿੰਘ ਫਤਿਹਗੜ੍ਹ ਕੋਰੋਟਾਣਾ ਅਤੇ ਹਰਜੀਤ ਸਿੰਘ ਫਰੋਜ਼ਵਾਲ ਆਦਿ ਸ਼ਾਮਲ ਸਨ।