ਫੌਜੀ ਮਾਰਕੀਟ ਦੀਆਂ ਸਟਰੀਟ ਲਾਈਟਾਂ ਠੀਕ ਕਰਵਾਈਆਂ
ਮੋਗਾ ਸ਼ਹਿਰ ਦੀ ਪ੍ਰਸਿੱਧ ਅਤੇ ਫੌਜੀ
Publish Date: Thu, 08 Jan 2026 04:35 PM (IST)
Updated Date: Fri, 09 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਦੀ ਪ੍ਰਸਿੱਧ ਅਤੇ ਫੌਜੀ ਮਾਰਕੀਟ ਦੀਆਂ ਗਲੀਆਂ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਭਾਜਪਾ ਆਗੂ ਅਤੇ ਧਰਮ ਰੱਖਿਆ ਸੇਵਾ ਮੰਚ ਐੱਨਜੀਓ ਦੇ ਪ੍ਰਧਾਨ ਸੋਨੂੰ ਅਰੋੜਾ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਠੀਕ ਕਰਵਾਇਆ ਗਿਆ। ਲਾਈਟਾਂ ਚਾਲੂ ਹੋਣ ਨਾਲ ਨਾ ਸਿਰਫ ਮਾਰਕੀਟ ਦੀ ਰੌਣਕ ਮੁੜ ਵਾਪਸ ਆਈ ਹੈ, ਸਗੋਂ ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਵੀ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਫੌਜੀ ਮਾਰਕੀਟ ਮੋਗਾ ਸ਼ਹਿਰ ਦਾ ਇਕ ਮੰਨਿਆਂ ਵਪਾਰਕ ਕੇਂਦਰ ਹੈ, ਜਿੱਥੇ ਦਿਨ ਦੇ ਨਾਲ-ਨਾਲ ਸ਼ਾਮ ਦੇ ਸਮੇਂ ਵੀ ਗਾਹਕਾਂ ਦੀ ਵੱਡੀ ਭੀੜ ਰਹਿੰਦੀ ਹੈ। ਪਰ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਸੂਰਜ ਡੁੱਬਦੇ ਹੀ ਇਲਾਕਾ ਹਨੇਰੇ ਵਿਚ ਡੁੱਬ ਜਾਂਦਾ ਸੀ। ਹਨੇਰੇ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਖ਼ਾਸ ਕਰਕੇ ਔਰਤਾਂ ਤੇ ਬਜ਼ੁਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਸਨ। ਸੋਨੂੰ ਅਰੋੜਾ ਨੇ ਇਸ ਮੌਕੇ ਕਿਹਾ ਕਿ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਅਸਮਾਜਿਕ ਤੱਤਾਂ ਦੀਆਂ ਸਰਗਰਮੀਆਂ ਵਿਚ ਵੀ ਵਾਧਾ ਹੋ ਰਿਹਾ ਸੀ, ਜਿਸ ਨਾਲ ਛੀਨਾ-ਝਪਟੀ ਅਤੇ ਚੋਰੀ ਵਰਗੀਆਂ ਘਟਨਾਵਾਂ ਦਾ ਡਰ ਬਣਿਆ ਰਹਿੰਦਾ ਸੀ। ਇਸ ਕਾਰਨ ਸ਼ਾਮ ਦੇ ਸਮੇਂ ਗਾਹਕ ਮਾਰਕੀਟ ਆਉਣ ਤੋਂ ਹਿਚਕਚਾਉਂਦੇ ਸਨ, ਜਿਸਦਾ ਸਿੱਧਾ ਅਸਰ ਦੁਕਾਨਦਾਰਾਂ ਦੇ ਵਪਾਰ ‘ਤੇ ਪੈ ਰਿਹਾ ਸੀ। ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਵੱਲੋਂ ਆ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੋਨੂ ਅਰੋੜਾ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਠੀਕ ਕਰਵਾਉਣ ਦੀ ਪਹਿਲ ਕੀਤੀ। ਨਿਗਮ ਦੇ ਸਹਿਯੋਗ ਨਾਲ ਸਾਰੀਆਂ ਖਰਾਬ ਲਾਈਟਾਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਮੁੜ ਚਾਲੂ ਕਰ ਦਿੱਤਾ ਗਿਆ, ਜਿਸ ਨਾਲ ਹੁਣ ਮਾਰਕੀਟ ਦੀਆਂ ਗਲੀਆਂ ਪੂਰੀ ਤਰ੍ਹਾਂ ਰੌਸ਼ਨ ਹੋ ਗਈਆਂ ਹਨ। ਲਾਈਟਾਂ ਚਾਲੂ ਹੋਣ ‘ਤੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਖੁਸ਼ੀ ਜਤਾਈ ਅਤੇ ਸੋਨੂ ਅਰੋੜਾ ਤੇ ਨਗਰ ਨਿਗਮ ਦਾ ਧੰਨਵਾਦ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਹੁਣ ਸ਼ਾਮ ਦੇ ਸਮੇਂ ਵੀ ਮਾਰਕੀਟ ਵਿੱਚ ਸੁਰੱਖਿਆ ਦਾ ਅਹਿਸਾਸ ਬਣਿਆ ਰਹੇਗਾ ਅਤੇ ਵਪਾਰ ਵਿੱਚ ਵੀ ਸੁਧਾਰ ਆਵੇਗਾ।