- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੀ ਪ੍ਰਸਿੱਧ ਦਾਣਾ ਮੰਡੀ

ਮਜ਼ਦੂਰਾਂ ਤੇ ਟਰੱਕਾਂ ਦੀ ਘਾਟ ਕਾਰਨ ਬਣੀ ਗੰਭੀਰ ਸਥਿਤੀ, ਬਾਰਦਾਨੇ ਦੀ ਕਮੀ ਵੀ ਵੱਡੀ ਰੁਕਾਵਟ
ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਮੋਗਾ ਦੀ ਪ੍ਰਸਿੱਧ ਦਾਣਾ ਮੰਡੀ ਵਿਚ ਇਸ ਵੇਲੇ ਕਣਕ ਦੇ ਢੇਰ ਲੱਗਣ ਕਾਰਨ ਹਾਲਾਤ ਚਿੰਤਾਜਨਕ ਬਣਦੇ ਜਾ ਰਹੇ ਹਨ। ਭਾਵੇਂ ਕਿ ਸਰਕਾਰੀ ਏਜੰਸੀਆਂ ਵੱਲੋਂ ਕਣਕ ਦੀ ਖ਼ਰੀਦ ਜਾਰੀ ਹੈ ਪਰ ਲਿਫ਼ਟਿੰਗ ਦੀ ਰਫ਼ਤਾਰ ਬਹੁਤ ਹੀ ਹੌਲੀ ਹੋਣ ਕਰਕੇ ਬੋਰੀਆਂ ਵਿਚ ਭਰਿਆ ਅਨਾਜ ਮੰਡੀ ਵਿਚ ਹੀ ਇਕੱਠਾ ਹੋ ਰਿਹਾ ਹੈ। ਇਸ ਕਾਰਨ ਨਾ ਸਿਰਫ਼ ਮੰਡੀ ਵਿਚ ਜਗ੍ਹਾ ਦੀ ਘਾਟ ਪੈ ਰਹੀ ਹੈ, ਸਗੋਂ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਵੀ ਚਿੰਤਾ ਵੱਧਦੀ ਜਾ ਰਹੀ ਹੈ। ਮੰਡੀ ਦੇ ਜਾਣਕਾਰਾਂ ਅਨੁਸਾਰ ਇਸ ਸਮੱਸਿਆ ਦੇ ਮੁੱਖ ਕਾਰਨਾਂ ਵਿਚ ਮਜ਼ਦੂਰਾਂ ਦੀ ਘਾਟ, ਟਰਾਂਸਪੋਰਟ ਦੀ ਕਮੀ ਅਤੇ ਸਰਕਾਰੀ ਏਜੰਸੀਆਂ ਦੀ ਮੰਦੀ ਕਾਰਗੁਜ਼ਾਰੀ ਸ਼ਾਮਲ ਹਨ। ਜਦੋਂ ਵੀ ਕਿਸਾਨ ਜਾਂ ਆੜ੍ਹਤੀ ਅਧਿਕਾਰੀਆਂ ਨਾਲ ਸੰਪਰਕ ਕਰਦੇ ਹਨ, ਉਹ ਕਦੇ ਮਜ਼ਦੂਰਾਂ ਦੀ ਕਮੀ ਅਤੇ ਕਦੇ ਟਰੱਕਾਂ ਦੀ ਘਾਟ ਦਾ ਹਵਾਲਾ ਦੇ ਕੇ ਮਾਮਲਾ ਟਾਲ ਦਿੰਦੇ ਹਨ। ਪਿਛਲੇ ਹਫ਼ਤੇ ਕੇਂਦਰ ਸਰਕਾਰ ਵੱਲੋਂ ਮੀਂਹ ਨਾਲ ਪ੍ਰਭਾਵਿਤ ਕਣਕ ਦੀ ਖ਼ਰੀਦ ਸੰਬੰਧੀ ਸੋਧੇ ਹੋਏ ਹੁਕਮ ਜਾਰੀ ਕੀਤੇ ਗਏ ਸਨ, ਜਿਸ ਨਾਲ ਖ਼ਰੀਦ ਵਿਚ ਹੋਰ ਤੇਜ਼ੀ ਆਉਣ ਦੀ ਉਮੀਦ ਬਣੀ ਸੀ ਪਰ ਮੌਜੂਦਾ ਹਾਲਾਤ ਵੇਖ ਕੇ ਇਹ ਲੱਗਦਾ ਹੈ ਕਿ ਜੇ ਲਿਫ਼ਟਿੰਗ ਦੀ ਗਤੀ ਵਿਚ ਸੁਧਾਰ ਨਾ ਆਇਆ ਤਾਂ ਮੰਡੀ ਵਿਚ ਹੋਰ ਵੀ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ।
ਮੌਸਮ ਦਾ ਵੱਡਾ ਅਸਰ, ਕਣਕ ਦੀ ਗੁਣਵੱਤਾ ਪ੍ਰਭਾਵਿਤ
ਇਸ ਮੌਕੇ ਮੰਡੀ ਵਿਚ ਆਪਣੀ ਕਣਕ ਵੇਚਣ ਕੁੱਝ ਕਿਸਾਨਾਂ ਨੇ ਦੱਸਿਆ ਕਿ ਇਸ ਸਾਲ ਮੌਸਮੀ ਤਬਦੀਲੀਆਂ ਨੇ ਫ਼ਸਲ ‘ਤੇ ਵੱਡਾ ਅਸਰ ਪਾਇਆ ਹੈ। ਜਿਨ੍ਹਾਂ ਖੇਤਾਂ ਵਿਚ ਮੀਂਹ ਤੋਂ ਪਹਿਲਾਂ ਕਟਾਈ ਹੋ ਗਈ ਸੀ, ਉੱਥੇ ਕਣਕ ਦੀ ਗੁਣਵੱਤਾ ਠੀਕ ਰਹੀ ਪਰ ਜਿੱਥੇ ਮੀਂਹ ਤੋਂ ਬਾਅਦ ਕਟਾਈ ਹੋਈ, ਉੱਥੇ 70 ਤੋਂ 80 ਫ਼ੀਸਦੀ ਤੱਕ ਦਾਣੇ ਪ੍ਰਭਾਵਿਤ ਹੋਏ ਹਨ। ਮੀਂਹ ਕਾਰਨ ਦਾਣਿਆਂ ਵਿਚ ਨਮੀ ਵੱਧ ਗਈ ਅਤੇ ਗੁਣਵੱਤਾ ਘੱਟ ਗਈ। ਇਸ ਤੋਂ ਇਲਾਵਾ ਮਾਰਚ ਮਹੀਨੇ ਦੇ ਸ਼ੁਰੂ ਵਿਚ ਅਚਾਨਕ ਵਧੀ ਗਰਮੀ ਨੇ ਵੀ ਕਣਕ ਦੇ ਦਾਣਿਆਂ ਨੂੰ ਨੁਕਸਾਨ ਪਹੁੰਚਾਇਆ। ਗਰਮੀ ਦੇ ਝਟਕੇ ਨਾਲ ਦਾਣੇ ਸੁੱਕ ਕੇ ਪਤਲੇ ਹੋ ਗਏ, ਜਿਸ ਨਾਲ ਉਪਜ ਦੀ ਕੀਮਤ ‘ਤੇ ਵੀ ਅਸਰ ਪਿਆ।
ਸਰਕਾਰੀ ਨੀਤੀ ਕਾਰਨ ਪਹਿਲਾਂ ਰੁਕੀ ਖ਼ਰੀਦ
ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਇਸ ਤਰ੍ਹਾਂ ਦੇ ਪ੍ਰਭਾਵਿਤ ਕਣਕ ਦੀ ਖ਼ਰੀਦ ਕਰਨ ਤੋਂ ਸਰਕਾਰੀ ਏਜੰਸੀਆਂ ਹਿਚਕਿਚਾਉਂਦੀਆਂ ਰਹੀਆਂ। ਅਧਿਕਾਰੀਆਂ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਸੀ ਕਿ ਉੱਚ ਅਧਿਕਾਰੀਆਂ ਦੇ ਸਪਸ਼ਟ ਹੁਕਮਾਂ ਤੋਂ ਬਿਨ੍ਹਾਂ ਖ਼ਰੀਦ ਕਰਨ ਨਾਲ ਉਨ੍ਹਾਂ ਦੀ ਨੌਕਰੀ ਖ਼ਤਰੇ ਵਿਚ ਪੈ ਸਕਦੀ ਹੈ। ਇਸ ਕਾਰਨ ਕਈ ਦਿਨਾਂ ਤੱਕ ਖ਼ਰੀਦ ਪ੍ਰਕਿਰਿਆ ਸੁਸਤ ਰਹੀ, ਜਿਸ ਨਾਲ ਮੰਡੀ ਵਿਚ ਅਨਾਜ ਦਾ ਇਕੱਠਾ ਹੋਣਾ ਹੋਰ ਵਧ ਗਿਆ।
ਬਾਰਦਾਨੇ ਦੀ ਕਮੀ ਨੇ ਵਧਾਈ ਪਰੇਸ਼ਾਨੀ
ਆੜ੍ਹਤੀਆਂ ਦੇ ਅਨੁਸਾਰ ਇਸ ਵਾਰ ਬਾਰਦਾਨੇ ਦੀ ਕਮੀ ਵੀ ਇਕ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਮੋਗਾ ਦੇ ਨਾਲ ਨਾਲ ਆਲੇ-ਦੁਆਲੇ ਦੀਆਂ ਛੋਟੀਆਂ ਮੰਡੀਆਂ ਵਿਚ ਵੀ ਬਾਰਦਾਨੇ ਦੀ ਘਾਟ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ। ਜੂਟ ਅਤੇ ਪਲਾਸਟਿਕ ਦੇ ਬਾਰਦਾਨੇ ਨੂੰ ਲਗਭਗ ਬਰਾਬਰ ਮਾਤਰਾ ਵਿਚ ਭੇਜਿਆ ਜਾ ਰਿਹਾ ਹੈ ਪਰ ਇਹ ਮੰਗ ਦੇ ਮੁਕਾਬਲੇ ਕਾਫ਼ੀ ਨਹੀਂ ਹੈ।
ਭਵਿੱਖ ’ਚ ਹੋ ਸਕਦੀ ਹੈ ਜਗ੍ਹਾ ਦੀ ਭਾਰੀ ਕਮੀ
ਕਿਸਾਨਾਂ ਨੇ ਚਿੰਤਾ ਜਤਾਈ ਹੈ ਕਿ ਜੇ ਕਣਕ ਚੁੱਕਣ ਦੀ ਰਫ਼ਤਾਰ ਨਹੀਂ ਵਧਾਈ ਗਈ ਤਾਂ ਜਲਦੀ ਹੀ ਮੰਡੀ ਵਿਚ ਨਵੇਂ ਕਿਸਾਨਾਂ ਲਈ ਆਪਣੀ ਫ਼ਸਲ ਲਿਆਉਣ ਦੀ ਵੀ ਜਗ੍ਹਾ ਨਹੀਂ ਬਚੇਗੀ। ਮੌਜੂਦਾ ਹਾਲਾਤਾਂ ਵਿਚ ਹੀ ਕਈ ਥਾਵਾਂ ‘ਤੇ ਕਣਕ ਦੇ ਢੇਰਾਂ ਕਾਰਨ ਆਵਾਜਾਈ ਵਿਚ ਵੀ ਰੁਕਾਵਟ ਆ ਰਹੀ ਹੈ।
ਅੰਕੜਿਆਂ ਰਾਹੀਂ ਹਕੀਕਤ ਸਪੱਸ਼ਟ
ਮੰਡੀ ਵਿਚ ਹਰ ਰੋਜ਼ ਲਗਭਗ 40,000 ਕਵਿੰਟਲ ਕਣਕ ਦੀ ਆਮਦ ਹੋ ਰਹੀ ਹੈ। ਇਸ ਵਿਚੋਂ 35 ਤੋਂ 36 ਹਜ਼ਾਰ ਕਵਿੰਟਲ ਤੱਕ ਖ਼ਰੀਦ ਕੀਤੀ ਜਾ ਰਹੀ ਹੈ ਪਰ ਉਠਾਣ ਸਿਰਫ਼ 10 ਤੋਂ 12 ਹਜ਼ਾਰ ਕਵਿੰਟਲ ਪ੍ਰਤੀ ਦਿਨ ਹੀ ਹੋ ਰਹੀ ਹੈ। ਇਹ ਵੱਡਾ ਅੰਤਰ ਹੀ ਮੰਡੀ ਵਿਚ ਕਣਕ ਦੇ ਢੇਰ ਲੱਗਣ ਦਾ ਮੁੱਖ ਕਾਰਨ ਬਣਿਆ ਹੋਇਆ ਹੈ। ਮੋਗਾ ਦੀ ਦਾਣਾ ਮੰਡੀ ਵਿਚ ਬਣੀ ਇਹ ਸਥਿਤੀ ਸਰਕਾਰੀ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਰਹੀ ਹੈ। ਜੇਕਰ ਤੁਰੰਤ ਤੌਰ ‘ਤੇ ਮਜ਼ਦੂਰਾਂ ਦੀ ਵਿਆਵਸਥਾ, ਟਰਾਂਸਪੋਰਟ ਦੀ ਉੱਪਲਬਧਤਾ ਅਤੇ ਬਾਰਦਾਨੇ ਦੀ ਸਪਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਕਿਸਾਨਾਂ ਨੂੰ ਨਾ ਸਿਰਫ਼ ਆਰਥਿਕ ਨੁਕਸਾਨ ਹੋਵੇਗਾ, ਸਗੋਂ ਮੰਡੀ ਪ੍ਰਣਾਲੀ ‘ਤੇ ਵੀ ਭਾਰੀ ਬੋਝ ਪਵੇਗਾ।