ਗੁਰਪ੍ਰੀਤ ਸਿੰਘ ਗੋਪੀ ਖ਼ਾਲਸਾ ਦੀ ਮੌਤ ’ਤੇ ਸੋਗ ਦੀ ਲਹਿਰ
ਸੰਯੁਕਤ ਅਕਾਲੀ ਦਲ ਜ਼ਿਲ੍ਹਾ
Publish Date: Thu, 26 Feb 2026 03:58 PM (IST)
Updated Date: Fri, 27 Feb 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸੰਯੁਕਤ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਆਗੂ ਭਾਈ ਜਸਵੀਰ ਸਿੰਘ ਜੱਗਾ ਡਾਲਾ ਦੇ ਹੋਣਹਾਰ ਪੁੱਤਰ ਅਤੇ ਪ੍ਰਸਿੱਧ ਧਾਰਮਿਕ ਸੇਵਾਦਾਰ ਮਾਸਟਰ ਗੁਰਪ੍ਰੀਤ ਸਿੰਘ ਗੋਪੀ ਖ਼ਾਲਸਾ ਦੀ ਬੇਵਕਤੀ ਮੌਤ ਨਾਲ ਪਰਿਵਾਰ, ਇਲਾਕੇ ਅਤੇ ਖ਼ਾਲਸਾ ਪੰਥ ਵਿਚ ਡੂੰਘਾ ਸੋਗ ਛਾ ਗਿਆ ਹੈ। ਉਨ੍ਹਾਂ ਦੇ ਦੇਹਾਂਤ ਨੂੰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਪੰਥ ਅਤੇ ਸਮਾਜ ਲਈ ਵੱਡਾ ਘਾਟਾ ਕਰਾਰ ਦਿੱਤਾ। ਮਾਸਟਰ ਗੁਰਪ੍ਰੀਤ ਸਿੰਘ ਖ਼ਾਲਸਾ ਬੱਚਿਆਂ ਨੂੰ ਕੀਰਤਨ, ਗੁਰਬਾਣੀ ਦੀ ਕਥਾ ਵਿਚਾਰ ਅਤੇ ਗਤਕਾ ਸਿਖਾਉਂਦੇ ਸਨ। ਉਹ ਆਪਣੇ ਪਿੰਡ ਡਾਲਾ ਦੇ ਗੁਰਦੁਆਰਾ ਰੋੜੀ ਸਾਹਿਬ ਵਿਚ ਨਿਯਮਿਤ ਕੀਰਤਨ ਕਰਦੇ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਮਾਰਗ ’ਤੇ ਚਲਣ ਲਈ ਪ੍ਰੇਰਿਤ ਕਰਦੇ ਰਹੇ। ਸੁੱਚੇ ਜੀਵਨ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਛੋਟੀ ਉਮਰ ਵਿਚ ਹੀ ਧਾਰਮਿਕ ਸੇਵਾ ਰਾਹੀਂ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਅਕਾਲ ਮੌਤ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਖ਼ਾਲਸਾ ਪੰਥ ਨੇ ਇਕ ਸਮਰਪਿਤ ਨੌਜਵਾਨ ਸੇਵਾਦਾਰ ਗਵਾ ਦਿੱਤਾ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੀ ਕਮੀ ਲੰਬੇ ਸਮੇਂ ਤੱਕ ਮਹਿਸੂਸ ਕੀਤੀ ਜਾਵੇਗੀ। ਇਸ ਦੁੱਖ ਦੀ ਘੜੀ ਵਿਚ ਜਥੇਦਾਰ ਬੂਟਾ ਸਿੰਘ ਰਣਸੀਂਹ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਸਰਬਜੀਤ ਸਿੰਘ ਖ਼ਾਲਸਾ ਸੰਸਦ ਮੈਂਬਰ, ਭਾਈ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲ ਸਿੰਘ ਵਾਲਾ, ਭਾਈ ਮਨਜੀਤ ਸਿੰਘ ਰਾਏ ਮੈਂਬਰ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ, ਡਾ. ਹਰਜੋਤ ਕਮਲ ਸਾਬਕਾ ਵਿਧਾਇਕ ਮੋਗਾ, ਭਾਈ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਬਾਬਾ ਬੂਟਾ ਸਿੰਘ ਗੁਰਥੜੀ ਮੈਂਬਰ ਸ਼੍ਰੋਮਣੀ ਕਮੇਟੀ ਸਮੇਤ ਕਈ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਇਲਾਵਾ ਇਲਾਕੇ ਦੇ ਸਰਪੰਚਾਂ, ਸਮਾਜਿਕ ਕਾਰਕੁੰਨਾਂ ਅਤੇ ਪਿੰਡ ਵਾਸੀਆਂ ਨੇ ਵੀ ਪਰਿਵਾਰ ਨਾਲ ਹਮਦਰਦੀ ਜਤਾਉਂਦੇ ਹੋਏ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਦੇਵੇ।