ਹੰਸ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਉੱਤਰ ਪ੍ਰਦੇਸ਼ ਦੇ ਧਾਰਮਿਕ ਸ਼ਹਿਰ ਵਰਿੰਦਾਵਨ
Publish Date: Sun, 12 Apr 2026 05:52 PM (IST)
Updated Date: Mon, 13 Apr 2026 04:10 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਉੱਤਰ ਪ੍ਰਦੇਸ਼ ਦੇ ਧਾਰਮਿਕ ਸ਼ਹਿਰ ਵਰਿੰਦਾਵਨ ਵਿਚ ਪਿਛਲੇ ਦਿਨੀਂ ਵਾਪਰੇ ਭਿਆਨਕ ਕਿਸ਼ਤੀ ਹਾਦਸੇ ਨੇ ਮੋਗਾ ਸਮੇਤ ਪੂਰੇ ਇਲਾਕੇ ਨੂੰ ਗਹਿਰੇ ਸੋਗ ਵਿਚ ਡੁੱਬੋ ਦਿੱਤਾ ਹੈ। ਇਸ ਦਰਦਨਾਕ ਹਾਦਸੇ ਦੌਰਾਨ ਮੋਗਾ ਨਾਲ ਸੰਬੰਧਤ ਕਈ ਸ਼ਰਧਾਲੂਆਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਹਰ ਪਾਸੇ ਦੁੱਖ ਅਤੇ ਸਦਮੇ ਦਾ ਮਾਹੌਲ ਬਣਿਆ ਹੋਇਆ ਹੈ। ਖ਼ਾਸ ਤੌਰ ’ਤੇ ਮੋਗਾ ਦੀ ਰਹਿਣ ਵਾਲੀ ਸਪਨਾ ਹੰਸ ਦੀ ਮੌਤ ਨਾਲ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਧਾਰਮਿਕ ਯਾਤਰਾ ’ਤੇ ਖੁਸ਼ੀਆਂ ਨਾਲ ਗਏ ਇਹ ਸ਼ਰਧਾਲੂ ਇਕ ਪਲ ਵਿੱਚ ਹੀ ਅਣਹੋਣੀ ਦਾ ਸ਼ਿਕਾਰ ਹੋ ਗਏ, ਜਿਸ ਨਾਲ ਪੂਰਾ ਇਲਾਕਾ ਹਿਲ ਗਿਆ ਹੈ। ਇਸ ਘਟਨਾ ਨੇ ਮਨੁੱਖੀ ਜ਼ਿੰਦਗੀ ਦੀ ਨਾਜੁਕਤਾ ਨੂੰ ਇੱਕ ਵਾਰ ਫਿਰ ਸਾਹਮਣੇ ਲਿਆ ਦਿੱਤਾ ਹੈ ਅਤੇ ਹਰ ਇਕ ਦੇ ਦਿਲ ਵਿੱਚ ਦੁੱਖ ਅਤੇ ਪੀੜ ਭਰ ਦਿੱਤੀ ਹੈ ਇਸ ਦੁਖਦਾਈ ਮੌਕੇ ‘ਤੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਲਵਿਕਾ ਸੂਦ ਵੱਲੋਂ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਉਨ੍ਹਾਂ ਨੇ ਸਪਨਾ ਹੰਸ ਦੇ ਵਿਛੋੜੇ ਨੂੰ ਅਪੂਰਣੀਯ ਨੁਕਸਾਨ ਕਰਾਰ ਦਿੰਦਿਆਂ ਕਿਹਾ ਕਿ ਇਹ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਇਸ ਔਖੇ ਸਮੇਂ ਵਿਚ ਸਾਰਾ ਸਮਾਜ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਮਦਦ ਲਈ ਤਿਆਰ ਹੈ। ਮਲਵਿਕਾ ਸੂਦ ਨੇ ਕਿਹਾ ਕਿ ਇਹ ਸਿਰਫ ਇਕ ਹਾਦਸਾ ਨਹੀਂ ਸਗੋਂ ਪ੍ਰਸ਼ਾਸਨਕ ਲਾਪਰਵਾਹੀ ਦਾ ਨਤੀਜਾ ਵੀ ਹੋ ਸਕਦਾ ਹੈ, ਜਿਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਯੋਗ ਅਤੇ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਆਰਥਿਕ ਸਹਾਇਤਾ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾਵੇ ਤਾਂ ਜੋ ਉਹ ਇਸ ਮੁਸ਼ਕਲ ਸਮੇਂ ਵਿਚ ਆਪਣੇ ਆਪ ਨੂੰ ਸੰਭਾਲ ਸਕਣ। ਮਲਵਿਕਾ ਸੂਦ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਉੱਚ-ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ‘ਤੇ ਇਲਾਕੇ ਦੇ ਕਈ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਮ੍ਰਿਤਕਾਂ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸੋਗ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਵੱਲੋਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਅਖੀਰ ਵਿਚ ਮਲਵਿਕਾ ਸੂਦ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪੀੜਤ ਪਰਿਵਾਰਾਂ ਨੂੰ ਇਹ ਅਸਹਿਨਸ਼ੀਲ ਦੁੱਖ ਸਹਿਣ ਦੀ ਤਾਕਤ ਬਖ਼ਸ਼ੇ।