- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਸ਼ਨ 2027 ਨੂੰ ਫਤਿਹ ਕਰਨ ਲਈ ਮੋਗਾ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਮਿਸ਼ਨ 2027 ਨੂੰ ਫਤਿਹ ਕਰਨ ਲਈ ਮੋਗਾ ਜ਼ਿਲ੍ਹੇ ਦੇ ਕਸਬਾ ਅਜੀਤਵਾਲ ਲਾਗੇ ਪਿੰਡ ਕਿਲੀ ਚਾਹਲਾਂ ਸਾਲ ਪਹਿਲਾਂ ਹੀ ਰੈਲੀਆਂ ਦਾ ਗਵਾਹ ਬਣਨ ਲੱਗਿਆ ਹੈ। ਪਿੰਡ ਢੁੱਡੀਕੇ ਨਜ਼ਦੀਕ ਹੋਣ ਕਰਕੇ ਗਦਰੀ ਬਾਬਿਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਇਹ ਖਿੱਤਾ ਹੁਣ ਮੁੜ ਸਿਆਸੀ ਰੈਲੀ ਦਾ ਗਵਾਹ ਬਣਨ ਜਾ ਰਿਹਾ ਹੈ ਜੋਕਿ ਭਾਰਤੀ ਜਨਤਾ ਪਾਰਟੀ ਵੱਲੋਂ 14 ਮਾਰਚ ਨੂੰ ਕੀਤੀ ਜਾਣੀ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਨੂੰ ਤਾਂ ਮੋਗਾ ਜਿਲ੍ਹੇ ਦਾ ਇਹ ਇਲਾਕਾ ਹਮੇਸ਼ਾ ਹੀ ਪਹਿਲੀ ਪਸੰਦ ਰਿਹਾ ਹੈ। ਪੰਜਾਬ ਦੇ ਕਾਲੇ ਦਿਨਾਂ ਦੀ ਸਮਾਪਤੀ ਤੋਂ ਬਾਅਦ ਸਾਲ 1996 ’ਚ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋਂ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਵੱਡੀ ਸਿਆਸੀ ਰੈਲੀ ਕੀਤੀ ਸੀ। ਇਸ ਰੈਲੀ ਦੇ ਸਿੱਟੇ ਵਜੋਂ ਪੰਜਾਬ ’ਚ ਅਜਿਹਾ ਮਹੌਲ ਬਣਿਆ ਕਿ 1997 ’ਚ ਅਕਾਲੀ ਦਲ ਸੱਤਾ ’ਚ ਆ ਗਿਆ ਪੰਜ ਸਾਲ ਪੰਜਾਬ ਦੇ ਰਾਜ ਭਾਗ ਤੇ ਰਹਿਣ ਤੋਂ ਬਾਅਦ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਸਤਾ ’ਚ ਆ ਗਈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਣ ਗਏ। ਉਦੋਂ ਪੰਜਾਬ ਦੀ ਕੈਪਟਨ ਸਰਕਾਰ ਨੇ ਭ੍ਰਿਸ਼ਟਚਾਰ ਮਾਮਲੇ ’ਚ ਪ੍ਰਕਾਸ਼ ਸਿੰਘ ਬਾਦਲ ਸਮੇਤ ਸਮੁੱਚੇ ਬਾਦਲ ਪਰਿਵਾਰ ਨੂੰ ਜੇਲ੍ਹ ਭੇਜ ਦਿੱਤਾ ਸੀ। ਇਸ ਮਾਮਲੇ ਕਾਰਨ ਕਰੀਬ ਪੰਜ ਸਾਲ ਬਾਦਲਾਂ ਨੂੰ ਔਖੀ ਘੜੀ ਦਾ ਸਾਹਮਣਾ ਕਰਨਾ ਪਿਆ। ਸਥਿਤੀ ਅਜਿਹੀ ਸੀ ਕਿ ਬਾਦਲ ਪਰਿਵਾਰ ਦੇ ਕਈ ਬੇਹੱਦ ਨਜ਼ਦੀਕੀ ਵੀ ਪਾਸਾ ਵੱਟ ਗਏ ਸਨ। ਕਿਲੀ ਚਾਹਲਾਂ ਪਹਿਲੀ ਵਾਰ ਉਦੋਂ ਚਰਚਾ ਵਿਚ ਆਇਆ ਜਦੋਂ ਔਖੀ ਘੜੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੇ 2006 ’ਚ ਸਿਆਸੀ ਰੈਲੀ ਕੀਤੀ ਸੀ। ਇਸ ਮੌਕੇ ਅਕਾਲੀ ਦਲ ਦੀ ਰੈਲੀ ’ਚ ਲਾਮਿਸਾਲ ਇਕੱਠ ਹੋਇਆ ਜਿਸ ਨੇ ਅਜਿਹੀ ਹਵਾ ਬਣਾਈ ਕਿ 2007 ਦੀਆਂ ਚੋਣਾਂ ਦੌਰਾਨ ਬਾਦਲ ਸਰਕਾਰ ਸਤਾ ’ਚ ਆ ਗਈ ਅਤੇ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਸ ਧਰਤੀ ਨੂੰ ਆਪਣੇ ਲਈ ਸਿਆਸੀ ਤੌਰ ’ਤੇ ਕਿਸਮਤ ਪੁੜੀ ਮੰਨਣ ਲੱਗਿਆ। ਸਾਲ 2011 ’ਚ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਸ਼ੁਰੂ ਕੀਤੀ ਪੰਜਾਬ ਵਿਕਾਸ ਯਾਤਰਾ ਦੀ ਸਮਾਪਤੀ 18 ਦਸੰਬਰ 2011 ਨੂੰ ਪਿੰਡ ਕਿਲੀ ਚਾਹਲਾਂ ਵਿਖੇ ਮਹਾਂ ਰੈਲੀ ਕਰਕੇ ਕੀਤੀ ਗਈ ਸੀ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਵਜੋਂ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਜਨਮ ਭੂਮੀ ਢੁੱਡੀਕੇ ਤੋਂ 6 ਨਵੰਬਰ 2011 ਨੂੰ ਸ਼ੁਰੂ ਕੀਤੀ ‘ਇੱਜ਼ਤ ਸੰਭਾਲ ਯਾਤਰਾ’ ਸਬੰਧੀ ਰੈਲੀ ਵੀ ਪਿੰਡ ਕਿਲੀ ਚਾਹਲਾਂ ਵਿਖੇ ਕੀਤੀ ਸੀ । ਸਾਬਕਾ ਮੁੱਖ ਮੰਤਰੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 90ਵੇਂ ਜਨਮ ਦਿਨ ਮੌਕੇ 8 ਦਸੰਬਰ 2016 ਨੂੰ ‘ਪਾਣੀ ਬਚਾਓ, ਪੰਜਾਬ ਬਚਾਓ’ ਦੇ ਨਾਮ ਹੇਠ ਅਕਾਲੀ ਦਲ ਨੇ ਸਿਆਸੀ ਪ੍ਰੋਗਰਾਮ ਕੀਤਾ ਸੀ। ਅਕਾਲੀ ਬਸਪਾ ਗੱਠਜੋੜ ਨੇ 14 ਦਸੰਬਰ 2021 ਨੂੰ ਕਿਲੀ ਚਾਹਲਾਂ ’ਚ ਸਿਆਸੀ ਰੈਲੀ ਕਰਕੇ ਚੋਣ ਬਿਗੁਲ ਵਜਾਇਆ ਸੀ। ਇਹ ਵੱਖਰੀ ਗੱਲ ਹੈ ਕਿ 2022 ’ਚ 2017 ਵਾਂਗ ਅਕਾਲੀ ਦਲ ਦੇ ਸਿਆਸੀ ਭਾਗ ਨਹੀਂ ਜਾਗ ਸਕੇ ਸਨ। ਪ੍ਰਧਾਨ ਮੰਤਰੀ ਦੇ ਸੰਭਾਵੀ ਉਮੀਦਵਾਰ ਵਜੋਂ ਨਰਿੰਦਰ ਮੋਦੀ ਦੀ 21 ਦਸੰਬਰ 2013 ਨੂੰ ਪਿੰਡ ਕਿਲੀ ਚਾਹਲਾਂ ਵਿਖੇ ਰੈਲੀ ਦਾ ਪ੍ਰੋਗਰਾਮ ਸੀ ਜਿਸ ਨੂੰ ਖ਼ਰਾਬ ਮੌਸਮ ਕਾਰਨ ਮੁਲਤਵੀ ਕਰਨਾ ਪਿਆ ਸੀ। ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਕਿਲੀ ਚਾਹਲਾਂ ’ਚ ਰੈਲੀ ਕੀਤੀ ਸੀ । ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੋਗਾ ਵਿਖੇ 9 ਜਨਵਰੀ 2013 ਨੂੰ ਕਾਂਗਰਸ ਪਾਰਟੀ ਨੇ ਵੀ ਰੈਲੀ ਕਰਵਾਈ ਸੀ। ਹੁਣ ਤਾਂ ਇਹ ਇਲਾਕਾ ਰਾਜਨੀਤੀ ਦੇ ਨਕਸ਼ੇ ਤੇ ਆ ਗਿਆ ਹੈ ਕਿਉਂਕਿ ਮੰਨਿਆ ਜਾਣ ਲੱਗਾ ਹੈ ਮੋਗਾ ਜਿਲ੍ਹੇ ’ਚ ਕੀਤੇ ਪ੍ਰੋਗਰਾਮ ਸਿਆਸੀ ਤੌਰ ’ਤੇ ਲਾਹਵੰਦ ਹੁੰਦੇ ਹਨ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਰੈਲੀ ਕਾਗਜ਼ਾਂ ’ਚ ਬੇਸ਼ੱਕ ਰੈਲੀ ਸਰਕਾਰੀ ਪ੍ਰੋਗਰਾਮ ਸੀ ਪਰ ਜ਼ਮੀਨੀ ਹਕੀਕਤ ’ਚ ਇਸ ਨੂੰ ਆਮ ਆਦਮੀ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ ਮੰਨਿਆ ਜਾ ਰਿਹਾ ਸੀ ਅਤੇ ਇਸ ਰੈਲੀ ਨੂੰ ਵੀ ਅਰਵਿੰਦ ਕੇਜਰੀਵਾਲ , ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਸੰਬੋਧਨ ਕੀਤਾ ਗਿਆ ਸੀ। ਇਸ ਮੌਕੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਤਾਧਾਰੀ ਧਿਰ ਕਿਲੀ ਚਾਹਲਾਂ ਤੋਂ ਚੋਣ ਬਿਗੁਲ ਵਜਾਇਆ ਗਿਆ ਅਤੇ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਤਹਿਤ ਕੀਤੀ ਗਈ ਰੈਲੀ ਦੇ ਸਿਆਸੀ ਮਾਇਨੇ ਜ਼ਿਆਦਾ ਸਨ।
ਇਸ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਵੱਲੋਂ 14 ਮਾਰਚ ਨੂੰ ਮੋਗਾ ਦੇ ਪਿੰਡ ਕਿਲੀ ਚਹਲਾਂ ਵਿਖੇ ਹੀ ਵਿਸ਼ਾਲ ‘ਤਬਦੀਲੀ ਰੈਲੀ’ ਕਰਵਾਈ ਜਾ ਰਹੀ ਹੈ। ਇਸ ਰੈਲੀ ਨੂੰ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ। ਰੈਲੀ ਨੂੰ ਲੈ ਕੇ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਖਾਸਾ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਤਿਆਰੀਆਂ ਤੇਜ਼ੀ ਨਾਲ ਜਾਰੀ ਹਨ ਕਿਉਂਕਿ ਭਾਰਤ ਜਨਤਾ ਪਾਰਟੀ ਵੱਲੋਂ ਇਹ ਰੈਲੀ ਕੱਲੇ ਹੀ ਆਪਣੇ ਦਮ ’ਤੇ ਕੀਤੀ ਜਾ ਰਹੀ ਹੈ ਅਤੇ ਰੈਲੀ ਵਾਲੀ ਜਗ੍ਹਾ ’ਤੇ ਲਗਭਗ 100 ਏਕੜ ਖੇਤਰ ਵਿਚ ਵਿਸ਼ਾਲ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਇੱਥੇ ਵਿਸ਼ਾਲ ਮੰਚ, ਪੰਡਾਲ ਅਤੇ ਬੈਠਣ ਦੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਵੱਡੀ ਗਿਣਤੀ ਵਿਚ ਪਹੁੰਚਣ ਵਾਲੇ ਲੋਕਾਂ ਨੂੰ ਸੁਚੱਜੇ ਢੰਗ ਨਾਲ ਬੈਠਣ ਦੀ ਸਹੂਲਤ ਮਿਲ ਸਕੇ
-----
ਪਿੰਡ ਵਿਕਾਸ ਤੋਂ ਵਾਂਝਾ
ਬੇਸ਼ੱਕ ਸਿਆਸੀ ਸਰਗਰਮੀਆਂ ਕਾਰਨ ਕਿਲੀ ਚਾਹਲਾਂ ਕੌਮਾਂਤਰੀ ਪੱਧਰ ’ਤੇ ਚਮਿਕਾ ਹੈ ਪਰ ਪਿੰਡ ਅਜੇ ਵੀ ਵਿਕਾਸ ਤੋਂ ਵਾਂਝਾ ਹੈ। ਪਿੰਡ ਵਾਸੀ ਆਖਦੇ ਹਨ ਕਿ ਸਿਆਸੀ ਰੈਲੀਆਂ ਚੋਂ ਪਿੰਡ ਨੂੰ ਕੁੱਝ ਨਹੀਂ ਮਿਲਿਆ ਹੈ। ਵੱਡੇ ਸਿਆਸੀ ਇਕੱਠ ਹੁੰਦੇ ਰਹਿਣ ਦੇ ਬਾਵਜੂਦ ਪਿੰਡ ਵਾਸੀਆਂ ’ਚ ਕਦੇ ਵੀ ਸਿਆਸੀ ਲਕੀਰ ਨਹੀਂ ਖਿੱਚੀ ਗਈ ਹੈ। ਪਿੰਡ ਵਾਸੀ ਅਤੇ ਆਪ ਆਗੂ ਸੁਖਦੇਵ ਸਿੰਘ ਮਿਆਣਾ ਦਾ ਕਹਿਣਾ ਸੀ ਕਿ ਕੌਮੀ ਮਾਰਗ ਦੇ ਨਜ਼ਦੀਕ ਹੋਣ ਕਰਕੇ ਵੀ ਕਿਲੀ ਚਾਹਲਾਂ ਲੀਡਰਾਂ ਦੀ ਪਸੰਦ ਬਣਿਆ ਹੈ ਅਤੇ ਸ਼ਾਇਦ ਨੇਤਾ ਪਿੰਡ ਨੂੰ ਖੁਦ ਲਈ ਕਿਸਮਤ ਵਾਲਾ ਮੰਨਦੇ ਹਨ। ਉਨ੍ਹਾਂ ਨੇਤਾਵਾਂ ਨੂੰ ਸਿਆਸੀ ਕਿਸਮਤ ਚਮਕਾਉਣ ਵਾਲੇ ਪਿੰਡ ਦੀ ਸਾਰ ਲੈਣ ਲਈ ਵੀ ਕਿਹਾ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ 6 ਨਵੰਬਰ 2011 ਨੂੰ ਆਪਣੀ ‘ਇੱਜ਼ਤ ਸੰਭਾਲ ਯਾਤਰਾ’ ਦੌਰਾਨ ਪਿੰਡ ਕਿਲੀ ਚਾਹਲਾਂ ਮੋਗਾ ਵਿਚ ਇਕ ਵੱਡੀ ਰੈਲੀ ਕੀਤੀ ਸੀ। ਇਹ ਯਾਤਰਾ ਲਾਲਾ ਲਾਜਪਤ ਰਾਏ ਦੀ ਜਨਮ ਭੂਮੀ ਢੁੱਡੀਕੇ ਤੋਂ ਸ਼ੁਰੂ ਹੋ ਕੇ ਇਸ ਪਿੰਡ ਰਾਹੀਂ ਅੱਗੇ ਵਧੀ ਸੀ