- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ

ਵਿਰੋਧੀ ਧਿਰ ਦੇ ਆਗੂ ਨੇ ਕਾਕਾ ਲੋਹਗੜ੍ਹ ਨਾਲ ਕੀਤੀਆਂ ਵਿਚਾਰਾਂ
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੋਗਾ ਨੇੜਲੇ ਖੇਤਰ ਵਿਚ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਗ੍ਰਹਿ ਵਿਖੇ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦਾ ਕਾਕਾ ਲੋਹਗੜ੍ਹ ਅਤੇ ਹੋਰ ਕਾਂਗਰਸੀ ਆਗੂਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਦੌਰੇ ਦੌਰਾਨ ਦੋਵੇਂ ਆਗੂਆਂ ਵਿਚਕਾਰ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ, ਕਾਂਗਰਸ ਪਾਰਟੀ ਦੇ ਸੰਗਠਨਾਤਮਕ ਮਸਲਿਆਂ ਅਤੇ ਆਉਣ ਵਾਲੇ ਸਮੇਂ ਦੀ ਰਣਨੀਤੀ ਸਬੰਧੀ ਲੰਬੇ ਸਮੇਂ ਤੱਕ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤਾਂ, ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਰਾਜ ਦੀ ਤਰੱਕੀ ਨਾਲ ਜੁੜੇ ਕਈ ਅਹਿਮ ਮਸਲਿਆਂ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਦੋਵੇਂ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਮਹਿੰਗਾਈ, ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਵਿਕਾਸ ਨਾਲ ਜੁੜੀਆਂ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਦੇ ਹੱਲ ਲਈ ਇਕ ਮਜ਼ਬੂਤ ਅਤੇ ਲੋਕਪੱਖੀ ਰਾਜਨੀਤਿਕ ਆਵਾਜ਼ ਦੀ ਲੋੜ ਹੈ। ਇਸ ਸਬੰਧੀ ਕਾਂਗਰਸ ਪਾਰਟੀ ਆਪਣੀ ਭੂਮਿਕਾ ਪੂਰੀ ਤਰ੍ਹਾਂ ਨਿਭਾ ਰਹੀ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨਾਲ ਉਨ੍ਹਾਂ ਦਾ ਰਿਸ਼ਤਾ ਸਿਰਫ਼ ਰਾਜਨੀਤਿਕ ਹੀ ਨਹੀਂ ਸਗੋਂ ਪਰਿਵਾਰਕ ਤੌਰ ’ਤੇ ਵੀ ਬਹੁਤ ਪੁਰਾਣਾ ਅਤੇ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਕਾਕਾ ਲੋਹਗੜ੍ਹ ਹਮੇਸ਼ਾਂ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਵਜੋਂ ਕੰਮ ਕਰਦੇ ਆਏ ਹਨ ਅਤੇ ਉਨ੍ਹਾਂ ਨੇ ਹਮੇਸ਼ਾਂ ਪਾਰਟੀ ਦੇ ਸਿਧਾਂਤਾਂ ਅਤੇ ਨੀਤੀਆਂ ਨੂੰ ਮਜ਼ਬੂਤੀ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਅਹਿਮ ਯੋਗਦਾਨ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਲੋਕਾਂ ਦੇ ਹੱਕਾਂ ਅਤੇ ਪੰਜਾਬ ਦੀ ਤਰੱਕੀ ਲਈ ਸੰਘਰਸ਼ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਲੋਕਾਂ ਨੂੰ ਇਕ ਮਜ਼ਬੂਤ ਅਤੇ ਜ਼ਿੰਮੇਵਾਰ ਰਾਜਨੀਤਿਕ ਵਿਕਲਪ ਦੀ ਲੋੜ ਹੈ ਅਤੇ ਕਾਂਗਰਸ ਪਾਰਟੀ ਹੀ ਉਹ ਵਿਕਲਪ ਪ੍ਰਦਾਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਇਕਜੁੱਟ ਹੋ ਕੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਵਰਕਰਾਂ ਨੂੰ ਸਰਗਰਮ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਪਾਰਟੀ ਦੇ ਆਗੂ ਅਤੇ ਵਰਕਰ ਇਕਜੁੱਟ ਹੋ ਕੇ ਕੰਮ ਕਰਦੇ ਹਨ ਤਾਂ ਕੋਈ ਵੀ ਤਾਕਤ ਪਾਰਟੀ ਨੂੰ ਅੱਗੇ ਵੱਧਣ ਤੋਂ ਨਹੀਂ ਰੋਕ ਸਕਦੀ। ਇਸ ਮੌਕੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਵੀ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਦਾ ਵਰਕਰਾਂ ਦੇ ਘਰ ਆ ਕੇ ਮਿਲਣਾ ਅਤੇ ਉਨ੍ਹਾਂ ਨਾਲ ਵਿਚਾਰ ਸਾਂਝੇ ਕਰਨਾ ਹਮੇਸ਼ਾ ਹੌਸਲਾ ਵਧਾਉਣ ਵਾਲੀ ਗੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਹਮੇਸ਼ਾ ਲੋਕਾਂ ਦੇ ਵਿਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਅਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਕਰਦੇ ਰਹੇ ਹਨ। ਕਾਕਾ ਲੋਹਗੜ੍ਹ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਹਮੇਸ਼ਾ ਲੋਕ-ਹਿਤਾਂ ਨਾਲ ਜੁੜੀਆਂ ਰਹੀਆਂ ਹਨ ਅਤੇ ਪਾਰਟੀ ਦੇ ਵਰਕਰ ਪੂਰੇ ਜਜ਼ਬੇ ਅਤੇ ਸਮਰਪਣ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਪੰਜਾਬ ਦੀ ਰਾਜਨੀਤੀ ਵਿਚ ਹੋਰ ਮਜ਼ਬੂਤੀ ਨਾਲ ਉਭਰੇਗੀ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰੇਗੀ। ਇਸ ਮੌਕੇ ਇਕਬਾਲ ਸਿੰਘ ਸਮਰਾ ਅਮਰੀਕਾ, ਉਨ੍ਹਾਂ ਦੇ ਬੇਟੇ ਰੁਪਿੰਦਰ ਸਿੰਘ ਸਮਰਾ ਲੋਹਗੜ੍ਹ, ਸੋਹਣਾ ਖੇਲਾ ਜਲਾਲਾਬਾਦ, ਜਗਸੀਰ ਸਿੰਘ ਜੱਗਾ ਬੰਦੇਸਾ, ਪਰਮਜੀਤ ਸਿੰਘ ਬੰਦੇਸਾ, ਗੁਰਵਿੰਦਰ ਸਿੰਘ ਢੀਂਡਸਾ ਸਮੇਤ ਕਈ ਹੋਰ ਕਾਂਗਰਸੀ ਆਗੂ ਅਤੇ ਵਰਕਰ ਵੀ ਮੌਜੂਦ ਸਨ।