ਭਾਜਪਾ ਦੀ ਮੋਗਾ ਰੈਲੀ ਹੋਵੇਗੀ ਇਤਿਹਾਸਕ : ਰਾਹੁਲ ਗਰਗ
14 ਮਾਰਚ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ
Publish Date: Fri, 27 Feb 2026 03:59 PM (IST)
Updated Date: Sat, 28 Feb 2026 03:59 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: 14 ਮਾਰਚ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਹੋਣ ਵਾਲੀ ਭਾਜਪਾ ਦੀ ਰੈਲੀ ਇਤਿਹਾਸਕ ਹੋਵੇਗੀ। ਭਾਜਪਾ ਵਰਕਰਾਂ ਅਤੇ ਪਾਰਟੀ ਵਰਕਰਾਂ ਵਿਚ ਰੈਲੀ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜਨਰਲ ਸਕੱਤਰ ਰਾਹੁਲ ਗਰਗ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦਾ ਉਦੇਸ਼ ਸਿਰਫ਼ ਇਕ ਰਾਜਨੀਤਿਕ ਰੈਲੀ ਕਰਨਾ ਨਹੀਂ ਹੈ, ਸਗੋਂ ਪੰਜਾਬ ਦੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਇਕ ਸਪੱਸ਼ਟ ਰੋਡਮੈਪ ਪੇਸ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੰਨਣਾ ਹੈ ਕਿ ਮਜ਼ਬੂਤ ਲੀਡਰਸ਼ਿੱਪ ਅਤੇ ਸਪੱਸ਼ਟ ਨੀਤੀਆਂ ਰਾਹੀਂ ਹੀ ਸੂਬੇ ਨੂੰ ਨਸ਼ਾ ਮੁਕਤ, ਅਪਰਾਧ ਮੁਕਤ ਅਤੇ ਵਿਕਾਸ ਵੱਲ ਵਧਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਸੱਤਾ ਵਿਚ ਹਨ, ਉੱਥੇ ਵਿਕਾਸ ਕਾਰਜਾਂ ਵਿਚ ਤੇਜ਼ੀ ਆਈ ਹੈ, ਬੁਨਿਆਦੀ ਢਾਂਚੇ ਦਾ ਵਿਸਥਾਰ ਹੋਇਆ ਹੈ, ਨਿਵੇਸ਼ ਵਧਿਆ ਹੈ ਅਤੇ ਕਾਨੂੰਨ ਵਿਵਸਥਾ ਵਿਚ ਸੁਧਾਰ ਹੋਇਆ ਹੈ। ਇਸ ਦੇ ਉਲਟ, ਦੂਜੀਆਂ ਪਾਰਟੀਆਂ ਦੁਆਰਾ ਸ਼ਾਸਿਤ ਸੂਬਿਆਂ ਵਿਚ ਅਪਰਾਧ, ਕਰਜ਼ਾ ਅਤੇ ਹਫ਼ੜਾ ਦਫ਼ੜੀ ਫ਼ੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਕਈ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸੂਬੇ ਵਿੱਚ ਨਸ਼ਾਖੋਰੀ, ਗੈਂਗਸਟਰਵਾਦ ਅਤੇ ਬੇਰੁਜ਼ਗਾਰੀ ਫ਼ੈਲੀ ਹੋਈ ਹੈ, ਜਦੋਂ ਕਿ ਕਿਸਾਨ ਆਰਥਿਕ ਸੰਕਟ ਅਤੇ ਕਰਜ਼ੇ ਵਿਚ ਫਸੇ ਹੋਏ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਮੋਗਾ ਦੇ ਪਿੰਡ ਕਿਲੀ ਚਾਹਲਾ ਵਿਚ ਭਾਜਪਾ ਦੀ ਰੈਲੀ ਸਿਰਫ਼ ਇਕ ਰਾਜਨੀਤਿਕ ਸਮਾਗਮ ਨਹੀਂ ਹੋਵੇਗੀ, ਸਗੋਂ ਪੰਜਾਬ ਦੇ ਭਵਿੱਖ ਨੂੰ ਆਕਾਰ ਦੇਣ ਦਾ ਇਕ ਮਹੱਤਵਪੂਰਨ ਮੌਕਾ ਹੋਵੇਗੀ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਇਸ ਵਿਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਵਰਕਰਾਂ ਨੂੰ ਵੱਡੀ ਗਿਣਤੀ ਵਿਚ ਮੋਗਾ ਰੈਲੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।