ਸਭ ਧਰਮਾਂ ਲਈ ਇਕਸਾਰ ਸਜ਼ਾ ਲਾਗੂ ਹੋਵੇ : ਗਗਨ ਨੌਹਰੀਆ
ਪੰਜਾਬ ਵਿਚ ਧਾਰਮਿਕ ਅਸਥਾਵਾਂ
Publish Date: Mon, 13 Apr 2026 04:25 PM (IST)
Updated Date: Tue, 14 Apr 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਪੰਜਾਬ ਵਿਚ ਧਾਰਮਿਕ ਅਸਥਾਵਾਂ ਅਤੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਵਿਚ ਤੇਜ਼ੀ ਆ ਰਹੀ ਹੈ। ਇਸ ਮਾਮਲੇ ’ਤੇ ਸ਼ਿਵ ਸੈਨਾ ਹਿੰਦੋਸਤਾਨ ਪੰਜਾਬ ਦੇ ਉਪਪ੍ਰਧਾਨ ਗਗਨ ਨੌਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੀ ਬੈਠਕ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ 25 ਲੱਖ ਰੁਪਏ ਜੁਰਮਾਨਾ ਅਤੇ ਉਮਰ ਕੈਦ ਦੀ ਸਜ਼ਾ ਦਾ ਜੋ ਫੈਸਲਾ ਲਿਆ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਅਤੇ ਸਵਾਗਤਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਾਨੂੰਨ ਧਾਰਮਿਕ ਭਾਵਨਾਵਾਂ ਦੀ ਰੱਖਿਆ ਲਈ ਲਾਜ਼ਮੀ ਹਨ ਅਤੇ ਇਸ ਨਾਲ ਬੇਅਦਬੀ ਕਰਨ ਵਾਲਿਆਂ ਵਿਚ ਡਰ ਪੈਦਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਸਿੱਖ ਧਰਮ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਨੂੰ ਗੰਭੀਰ ਅਪਰਾਧ ਮੰਨਦਿਆਂ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ, ਉਸੇ ਤਰ੍ਹਾਂ ਹਿੰਦੂ ਧਰਮ ਨਾਲ ਜੁੜੀਆਂ ਧਾਰਮਿਕ ਭਾਵਨਾਵਾਂ ਅਤੇ ਮੰਦਰਾਂ ਦੀ ਬੇਅਦਬੀ ਅਤੇ ਦੇਵੀ ਦੇਵਤਿਆਂ ਦੇ ਸਰੂਪ ਬਣ ਸੜਕਾਂ ’ਤੇ ਨੱਚਣਾਂ ਇਸ ਨੂੰ ਵੀ ਉਨੀ ਹੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜੇ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦੀ ਬੇਅਦਬੀ ਕਰਦਾ ਹੈ, ਉਸ ਨੂੰ ਬਿਨਾਂ ਕਿਸੇ ਰਿਆਇਤ ਦੇ 25 ਲੱਖ ਰੁਪਏ ਜੁਰਮਾਨਾ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇ ਅਤੇ ਮੋਗਾ ਵਿਚ ਚੱਲ ਰਹੇ 295 ਦਾ ਕੇਸ ਜੋ ਕਿ 2022 ਵਿਚ ਸ਼੍ਰੀ ਰਾਮ ਲੀਲਾ ਜੀ ਦੀ ਸਟੇਜ ਉੱਪਰ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਨਾ ਫਿਲਮੀ ਗਾਣੇ ’ਤੇ ਕੀਤਾ ਨਾਚ ਦਾ ਮਾਨਯੋਗ ਅਦਾਲਤ ਵਿਚ ਚੱਲ ਰਿਹਾ ਹੈ, ਉਸ ਉਪਰ ਸਖ਼ਤੀ ਨਾਲ ਆਯੋਜਕਾਂ ਕਲਾਕਾਰਾਂ ਅਤੇ ਫਿਲਮੀ ਗਾਣੇ ਗਾਉਣ ਵਾਲੇ ਗਾਇਕ ’ਤੇ ਵੀ 25 ਲੱਖ ਦਾ ਜ਼ੁਰਮਾਨਾ ਅਤੇ 10 ਸਾਲ ਦੀ ਸਜਾ ਸੁਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਧਾਰਮਿਕ ਬੇਅਦਬੀ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸਭ ਧਰਮਾਂ ਲਈ ਇਕਸਾਰ ਸਜ਼ਾਵਾਂ ਦਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।