- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਹਸਪਤਾਲ ਮੋਗਾ ਵਿਖੇ ਸਫ਼ਾਈ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਸਿਵਲ ਹਸਪਤਾਲ ਮੋਗਾ ਵਿਖੇ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਹੁਨਰ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਦੋ ਦਿਨਾਂ ਦੀ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ 10 ਅਤੇ 11 ਅਪ੍ਰੈਲ 2026 ਨੂੰ ਸਫ਼ਲਤਾਪੂਰਵਕ ਕਰਵਾਈ ਗਈ। ਇਹ ਟ੍ਰੇਨਿੰਗ ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਸੀਨਿਅਰ ਮੈਡੀਕਲ ਅਫ਼ਸਰ ਡਾ. ਹਰਿੰਦਰ ਸਿੰਘ ਸੂਦ ਦੀ ਅਗਵਾਈ ਵਿਚ ਕਰਵਾਈ ਗਈ। ਇਸ ਬਾਰੇ ਸਿਵਲ ਸਰਜਨ ਮੋਗਾ ਨੇ ਕਿਹਾ ਕਿ ਇਸ ਟ੍ਰੇਨਿੰਗ ਨਾਲ ਕਰਮਚਾਰੀਆਂ ਵਿਚ ਕੰਮ ਦੀ ਕੁਸ਼ਲਤਾ ਵਧੇਗੀ। ਇਸ ਸਮੇਂ ਡਾਕਟਰ ਹਰਿੰਦਰ ਸਿੰਘ ਸੂਦ ਨੇ ਇਸ ਸਫ਼ਲਤਾਪੂਰਵਕ ਟ੍ਰੇਨਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮਾਹਿਰਾ ਦੁਆਰਾ ਦਿੱਤੀ ਇਹ ਟ੍ਰੇਨਿੰਗ ਸਿਵਲ ਹਸਪਤਾਲ ਦੀ ਸਫਾਈ ਅਤੇ ਹੋਰ ਪ੍ਰਬੰਧਾਂ ਲਈ ਸਹਾਈ ਹੋਵੇਗੀ। ਇਹ ਕਾਰਜ ਫੈਸਿਲਿਟੀ ਮੈਨੇਜਰ ਪੰਕਜ ਦੂਬੇ ਦੀ ਦੇਖ-ਰੇਖ ਵਿਚ ਰੈਕੇਟ ਦੇ ਅਧੀਨ, ਇਸ ਦੇ ਇੰਪਲੀਮੈਂਟੇਸ਼ਨ ਭਾਗੀਦਾਰ ਜਾਗਰਣ ਪਹਿਲ ਅਤੇ ਗਰੀਨ ਸਪਰਸ਼ ਫਾਊਂਡੇਸ਼ਨ ਦੇ ਸਹਿਯੋਗ ਨਾਲ ਹਾਰਪਿਕ ਵਰਲਡ ਟਾਇਲਟ ਕਾਲੇਜ ਪਟਿਆਲਾ ਵੱਲੋਂ ਕਰਵਾਇਆ ਗਿਆ। ਟ੍ਰੇਨਿੰਗ ਦਾ ਮੁੱਖ ਉਦੇਸ਼ ਸਫ਼ਾਈ ਕਰਮਚਾਰੀਆਂ ਨੂੰ ਪੇਸ਼ਾਵਰ ਸੁਰੱਖਿਆ, ਨਿੱਜੀ ਅਤੇ ਕਾਰਜਕਾਰੀ ਸਿਹਤ, ਸੁਰੱਖਿਆ ਉਪਕਰਣਾਂ ਦੀ ਸਹੀ ਵਰਤੋਂ, ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਅਤੇ ਸਾਫ਼ਟ ਸਕਿਲਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਦੋ ਦਿਨਾਂ ਦੇ ਪ੍ਰੋਗਰਾਮ ਵਿਚ ਹਸਪਤਾਲ ਦੇ ਸਫ਼ਾਈ ਕਰਮਚਾਰੀ, ਵੇਸਟ ਹੈਂਡਲਰ, ਸਿਵਰੇਜ ਅਤੇ ਡ੍ਰੇਨ ਸਫ਼ਾਈ ਨਾਲ ਜੁੜੇ ਕਰਮਚਾਰੀ, ਟਾਇਲਟ ਸਾਫ਼ ਕਰਨ ਵਾਲੇ ਕਰਮਚਾਰੀ ਅਤੇ ਦੇਖਭਾਲ ਕਰਤਾ ਸ਼ਾਮਲ ਹੋਏ, ਜਿਨ੍ਹਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਟ੍ਰੇਨਿੰਗ ਦੌਰਾਨ ਭਾਗੀਦਾਰਾਂ ਨੂੰ ਸਫ਼ਾਈ ਮਿੱਤਰ ਪਾਸਪੋਰਟ, ਟ੍ਰੇਨਿੰਗ ਪੂਰੀ ਕਰਨ ਉਪਰੰਤ ਸਰਟੀਫਿਕੇਟ ਅਤੇ ਸੁਰੱਖਿਆ ਕਿੱਟ (ਦਸਤਾਨੇ, ਪਾਣੀ ਦੀ ਬੋਤਲ ਅਤੇ ਰਿਫਲੈਕਟਿਵ ਜੈਕਟ) ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਕਲਿਆਣ ਯੋਜਨਾਵਾਂ ਨਾਲ ਜੋੜਨ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ ਤਾਂ ਜੋ ਉਨ੍ਹਾਂ ਦੀ ਲੰਬੇ ਸਮੇਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਉੱਚ ਅਧਿਕਾਰੀਆਂ ਦੇ ਨਾਲ ਫੈਸਿਲਿਟੀ ਮੈਨੇਜਰ ਪੰਕਜ ਦੂਬੇ ਵੱਲੋਂ ਪ੍ਰੋਗਰਾਮ ਲਈ ਪੂਰਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਸਭ ਤੋਂ ਵੱਡੀ ਤਰਜ਼ੀਹ ਦੇਣ ’ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਹਾਰਪਿਕ ਵਰਲਡ ਟਾਇਲਟ ਕਾਲੇਜ ਤੋਂ ਸਟੇਟ ਕੋਆਰਡੀਨੇਟਰ ਜਸਵੀਰ ਸਿੰਘ ਕੰਗ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਫ਼ਾਈ ਕਰਮਚਾਰੀਆਂ ਦੇ ਗੌਰਵ, ਸੁਰੱਖਿਆ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਣ ਕਦਮ ਹੈ ਅਤੇ ਭਵਿੱਖ ਵਿਚ ਵੀ ਅਜਿਹੀਆਂ ਟ੍ਰੇਨਿੰਗਾਂ ਜਾਰੀ ਰਹਿਣਗੀਆਂ। ਸਵੱਛ ਭਾਰਤ ਮਿਸ਼ਨ ਦੇ ਤਹਿਤ ਸਿਹਤ ਸੰਸਥਾਵਾਂ ਵਿਚ ਸਫ਼ਾਈ ਮਿਆਰਾਂ ਨੂੰ ਮਜ਼ਬੂਤ ਬਣਾਉਣ, ਬਾਇਓ-ਮੈਡੀਕਲ ਕਚਰੇ ਦੀ ਸਹੀ ਸੰਭਾਲ ਅਤੇ ਸੁਰੱਖਿਅਤ ਸੈਨਿਟੇਸ਼ਨ ਪ੍ਰਬੰਧਨ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਸਫ਼ਾਈ ਕਰਮਚਾਰੀਆਂ ਦੀ ਟ੍ਰੇਨਿੰਗ ਅਤੇ ਭਲਾਈ ਨੂੰ ਕੇਂਦਰੀ ਸਥਾਨ ਪ੍ਰਾਪਤ ਹੈ।