ਕਿਲੀ ਚਾਹਲਾਂ ਤੋਂ 2027 ਚੋਣਾਂ ਦਾ ਬਿਗੁਲ: ਅਮਿਤ ਸ਼ਾਹ ਦਾ ਐਲਾਨ ਭਾਜਪਾ ਆਪਣੇ ਬਲ ’ਤੇ ਬਣਾਏਗੀ ਪੰਜਾਬ ਵਿਚ ਸਰਕਾਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
Publish Date: Sat, 14 Mar 2026 06:29 PM (IST)
Updated Date: Sat, 14 Mar 2026 06:30 PM (IST)

- ਆਪ ਸਰਕਾਰ ’ਤੇ ਤਿੱਖੇ ਹਮਲੇ, ਕਿਹਾ ਪੰਜਾਬ ’ਚ ਸਰਕਾਰ ਨਹੀਂ, ਕੇਜਰੀਵਾਲ ਦਾ ਏਟੀਐੱਮ ਬਣੀ ਆਪ - ਨਸ਼ਿਆਂ ਖ਼ਿਲਾਫ ਵੱਡਾ ਵਾਅਦਾ, ਦੋ ਸਾਲਾਂ ’ਚ ਜੜ੍ਹੋਂ ਖ਼ਤਮ ਕਰਨ ਦਾ ਦਾਅਵਾ - ਪੰਜਾਬ ਦੀ ਜਨਤਾ ਤੋਂ ਅਸ਼ੀਰਵਾਦ ਮੰਗਿਆ, ਕਿਹਾ ਹੁਣ ਛੋਟਾ ਭਰਾ ਨਹੀਂ, ਭਾਜਪਾ ਮੁੱਖ ਤਾਕਤ ਬਣੇਗੀ - ਕਿੱਲੀ ਚਾਹਲਾਂ ਤੋਂ 2027 ਦੀਆਂ ਚੋਣਾਂ ਲਈ ਭਾਜਪਾ ਦਾ ਚੋਣ ਪ੍ਰਚਾਰ ਸ਼ੁਰੂ ਵਕੀਲ ਮਹਿਰੋਂ, ਅਵਤਾਰ ਸਿੰਘ, ਪੰਜਾਬੀ ਜਾਗਰਣ ਮੋਗਾ, ਅਜੀਤਵਾਲ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਗਾ ਦੇ ਪਿੰਡ ਕਿਲੀ ਚਾਹਲਾਂ ਵਿਚ ਹੋਈ ਭਾਜਪਾ ਦੀ ਵਿਸ਼ਾਲ ਰੈਲੀ ਦੌਰਾਨ 2027 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦਾ ਬਿਗਲ ਵਜਾ ਦਿੱਤਾ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਵਿਚ ਆਪਣੇ ਬਲਬੂਤੇ ’ਤੇ ਚੋਣਾਂ ਲੜ ਕੇ ਸਰਕਾਰ ਬਣਾਉਣ ਲਈ ਮੈਦਾਨ ਵਿਚ ਉੱਤਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਜਦੋਂ ਵੀ ਪੰਜਾਬ ਦੀ ਸਤਾ ਵਿਚ ਆਈ ਹੈ ਤਾਂ ਉਹ ਛੋਟੇ ਭਰਾ ਦੀ ਭੂਮਿਕਾ ਵਿਚ ਆਈ ਹੈ ਪਰ ਹੁਣ ਹਾਲਾਤ ਬਦਲ ਚੁੱਕੇ ਹਨ ਅਤੇ ਭਾਜਪਾ ਹੁਣ ਮੁੱਖ ਤਾਕਤ ਵਜੋਂ ਪੰਜਾਬ ਦੀ ਸਤਾ ਵਿਚ ਆਉਣ ਦੀ ਤਿਆਰੀ ਕਰ ਰਹੀ ਹੈ। ਸ਼ਾਹ ਨੇ ਕਿਹਾ ਕਿ 2027 ਦੀਆਂ ਚੋਣਾਂ ਪੰਜਾਬ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੋਣਗੀਆਂ ਅਤੇ ਭਾਜਪਾ ਇਸ ਵਾਰ ਆਪਣੀ ਸਰਕਾਰ ਬਣਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿਚ ਉੱਤਰੇਗੀ। ਉਨ੍ਹਾਂ ਪੰਜਾਬ ਦੀ ਜਨਤਾ ਤੋਂ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਮਜ਼ਬੂਤ ਬਣਾਉਣ ਅਤੇ ਆਉਣ ਵਾਲੀਆਂ ਚੋਣਾਂ ਵਿਚ ਆਸ਼ੀਰਵਾਦ ਦੇਣ। ਨਸ਼ਿਆਂ ਦੇ ਖ਼ਾਤਮੇ ਲਈ ਭਾਜਪਾ ਦਾ ਵੱਡਾ ਦਾਅਵਾ ਰੈਲੀ ਦੌਰਾਨ ਅਮਿਤ ਸ਼ਾਹ ਨੇ ਪੰਜਾਬ ਵਿਚ ਵਧ ਰਹੇ ਨਸ਼ਿਆਂ ਦੇ ਮਸਲੇ ਨੂੰ ਲੈ ਕੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜੇ ਪੰਜਾਬ ਦੀ ਜਨਤਾ ਭਾਜਪਾ ਨੂੰ ਇਕ ਮੌਕਾ ਦਿੰਦੀ ਹੈ ਤਾਂ ਦੋ ਸਾਲਾਂ ਦੇ ਅੰਦਰ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਦੋਵਾਂ ਨੂੰ ਕਈ ਮੌਕੇ ਦਿੱਤੇ ਹਨ ਪਰ ਉਹ ਨਸ਼ਿਆਂ ਦੇ ਕਾਰੋਬਾਰ ’ਤੇ ਕਾਬੂ ਪਾਉਣ ਵਿਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਸਿਰਫ਼ ਭਾਜਪਾ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੀ ਹੈ। ਸ਼ਾਹ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਬਚਾਉਣ ਲਈ ਵਚਨਬੱਧ ਹੈ ਅਤੇ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਇਸ ਮਸਲੇ ਦਾ ਪੱਕਾ ਹੱਲ ਕੀਤਾ ਜਾਵੇਗਾ। ਆਪ ਸਰਕਾਰ ’ਤੇ ਤਿੱਖੀ ਆਲੋਚਨਾ ਰੈਲੀ ਦੌਰਾਨ ਅਮਿਤ ਸ਼ਾਹ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸੂਬੇ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਸਿਰਫ਼ ਅਰਵਿੰਦ ਕੇਜਰੀਵਾਲ ਦੇ ‘ਪਾਇਲਟ’ ਵਜੋਂ ਕੰਮ ਕਰ ਰਹੇ ਹਨ ਅਤੇ ਜਦੋਂ ਵੀ ਕੇਜਰੀਵਾਲ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਾਂਦੇ ਹਨ ਤਾਂ ਮੁੱਖ ਮੰਤਰੀ ਉਨ੍ਹਾਂ ਦੇ ਨਾਲ ਹੀ ਨਜ਼ਰ ਆਉਂਦੇ ਹਨ। ਸ਼ਾਹ ਨੇ ਦੋਸ਼ ਲਾਇਆ ਕਿ ਦਿੱਲੀ ਤੋਂ ਆਏ ਕੁੱਝ ਲੋਕ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਹੇ ਹਨ ਅਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਕੇਵਲ ਕੇਜਰੀਵਾਲ ਦਾ ਏਟੀਐੱਮ ਬਣਾ ਕੇ ਰੱਖ ਦਿੱਤਾ ਹੈ। ਵਾਅਦਾ ਖ਼ਿਲਾਫ਼ੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਕੇਂਦਰੀ ਗ੍ਰਹਿ ਮੰਤਰੀ ਨੇ ਸੂਬਾ ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦੇ ਗੰਭੀਰ ਦੋਸ਼ ਲਗਾਉਂਦਿਆਂ ਪੁੱਛਿਆ ਕਿ 25 ਲੱਖ ਨੌਕਰੀਆਂ ਦੇ ਵਾਅਦੇ ਅਤੇ ਚਾਰ ਮਹੀਨਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਦਾ ਕੀ ਬਣਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਭ੍ਰਿਸ਼ਟਾਚਾਰ ’ਚ ਡੁੱਬੀ ਹੋਈ ਹੈ ਅਤੇ ਕਈ ਘੁਟਾਲਿਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਾਹ ਨੇ ਜਲੰਧਰ ਸਮਾਰਟ ਸਿਟੀ ਯੋਜਨਾ, ਬਰਨਾਲਾ ਟਰੱਕ ਯੂਨੀਅਨ ਘੁਟਾਲਾ, ਖਡੂਰ ਸਾਹਿਬ ਮਾਮਲਾ, ਆਂਗਣਵਾੜੀ ਘੁਟਾਲਾ ਅਤੇ 100 ਕਰੋੜ ਦੀ ਉਗਰਾਹੀ ਵਰਗੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਆਪਣੀ ਛਵੀ ਚਮਕਾਉਣ ਲਈ ਲਗਭਗ 800 ਕਰੋੜ ਰੁਪਏ ਇਸ਼ਤਿਹਾਰਾਂ ’ਤੇ ਖਰਚ ਕਰ ਰਹੀ ਹੈ ਜਦਕਿ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਖ਼ਰਾਬ ਹੋ ਰਹੀ ਹੈ। ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਚਿੰਤਾ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਇਸ ਸਮੇਂ ਗੰਭੀਰ ਹਾਲਾਤਾਂ ਵਿਚੋਂ ਗੁਜ਼ਰ ਰਿਹਾ ਹੈ। ਉਨ੍ਹਾਂ 2026 ਦੀ ਸ਼ੁਰੂਆਤ ਵਿਚ ਹੋਏ ਤਿੰਨ ਸਰਪੰਚਾਂ ਦੇ ਕਤਲ ਅਤੇ ਥਾਣੇ ਦੇ ਅੰਦਰ ਪੁਲਸ ਮੁਲਾਜ਼ਮਾਂ ਦੇ ਕਤਲ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਕਮਜ਼ੋਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਵਿਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੀ ਜਨਤਾ ਨੂੰ ਕੀਤੀ ਅਪੀਲ ਰੈਲੀ ਦੇ ਅੰਤ ਵਿਚ ਅਮਿਤ ਸ਼ਾਹ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਲੋਕ ਭਾਜਪਾ ਨੂੰ ਆਪਣਾ ਆਸ਼ੀਰਵਾਦ ਦਿੰਦੇ ਹਨ ਤਾਂ ਦੋ ਸਾਲਾਂ ਦੇ ਅੰਦਰ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ ਜਾਵੇਗਾ ਅਤੇ ਪੰਜਾਬ ਨੂੰ ਵਿਕਾਸ ਅਤੇ ਤਰੱਕੀ ਦੇ ਨਵੇਂ ਰਾਹ ’ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਪੰਜਾਬ ਵਿਚ ਲਗਭਗ 19 ਫੀਸਦੀ ਵੋਟਾਂ ਮਿਲੀਆਂ ਹਨ ਅਤੇ ਜਿੱਥੇ ਵੀ ਭਾਜਪਾ ਨੂੰ ਇੰਨੀ ਵੋਟਾਂ ਮਿਲਦੀਆਂ ਹਨ, ਉੱਥੇ ਆਉਣ ਵਾਲੇ ਸਮੇਂ ਵਿਚ ਸਰਕਾਰ ਭਾਜਪਾ ਦੀ ਹੀ ਬਣਦੀ ਹੈ। ਉਨ੍ਹਾਂ ਉਦਾਹਰਣ ਵਜੋਂ ਆਸਾਮ, ਮਣੀਪੁਰ ਅਤੇ ਉਤਰਾਖੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੀ ਵਾਰੀ ਹੈ।