ਤ੍ਰਿਲੋਚਨ ਸਿੰਘ ਧੀਮਾਨ ‘ਡਾਇਮੰਡ ਗਲੋਬਲ ਐਵਾਰਡ’ ਨਾਲ ਸਨਮਾਨਿਤ
ਸਮਾਜਿਕ ਸੇਵਾ ਦੇ ਖੇਤਰ ਵਿਚ ਅਹਿਮ
Publish Date: Tue, 31 Mar 2026 04:04 PM (IST)
Updated Date: Wed, 01 Apr 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸਮਾਜਿਕ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਮਾਣ ਦੇਣ ਲਈ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਆਪਣੇ 8ਵੇਂ ਫਾਊਂਡੇਸ਼ਨ ਡੇ ਦੇ ਮੌਕੇ ’ਤੇ ਕਰਨਾਲ ਦੇ ਪ੍ਰਸਿੱਧ ਹੋਟਲ ਡਿਬੇਂਚਰ ਵਿਚ ਇਕ ਸ਼ਾਨਦਾਰ ਅਤੇ ਭਵਿਆ ਸਮਾਗਮ ਕਰਵਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਵਿਚ ਦੇਸ਼ ਦੇ ਵੱਖ-ਵੱਖ ਕੋਣਾਂ ਤੋਂ ਸੰਸਥਾ ਦੇ ਮੈਂਬਰਾਂ, ਸਮਾਜ ਸੇਵੀਆਂ ਅਤੇ ਪ੍ਰਸਿੱਧ ਹਸਤੀਆਂ ਨੇ ਸ਼ਮੂਲੀਅਤ ਕਰਦੇ ਹੋਏ ਸਮਾਜਿਕ ਏਕਤਾ ਅਤੇ ਭਲਾਈ ਦਾ ਸੰਦੇਸ਼ ਦਿੱਤਾ। ਸਮਾਗਮ ਦੀ ਸ਼ੋਭਾ ਵਧਾਉਣ ਲਈ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਤਨਾਜ਼ ਇਰਾਨੀ, ਨੀਲ ਨਿਤਿਨ ਮੁਕੇਸ਼ ਅਤੇ ਮਸ਼ਹੂਰ ਕਾਮੇਡੀਅਨ ਦੀਪਕ ਰਾਜਾ ਖ਼ਾਸ ਸੈਲੀਬ੍ਰਿਟੀ ਮਹਿਮਾਨਾਂ ਵਜੋਂ ਹਾਜ਼ਰ ਰਹੇ। ਉਨ੍ਹਾਂ ਦੀ ਮੌਜੂਦਗੀ ਨੇ ਪ੍ਰੋਗਰਾਮ ਨੂੰ ਹੋਰ ਵੀ ਰੌਣਕਮਈ ਅਤੇ ਯਾਦਗਾਰ ਬਣਾ ਦਿੱਤਾ। ਇਸ ਮੌਕੇ ਨੈਸ਼ਨਲ ਸੁਪਰੀਮੋ ਨਰਿੰਦਰ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਸਮਾਜ ਵਿਚ ਪਾਰਦਰਸ਼ਤਾ, ਇਮਾਨਦਾਰੀ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਨਿਸ਼ਕਾਮ ਭਾਵਨਾ ਨਾਲ ਸਮਾਜ ਦੀ ਭਲਾਈ ਲਈ ਕੰਮ ਕਰ ਰਹੇ ਹਨ, ਉਹ ਸਚਮੁੱਚ ਸਨਮਾਨ ਦੇ ਹੱਕਦਾਰ ਹਨ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਸਮਾਜ ਸੇਵੀਆਂ ਨੂੰ ਉਨ੍ਹਾਂ ਦੇ ਉੱਤਮ ਯੋਗਦਾਨ ਲਈ ‘ਡਾਇਮੰਡ ਗਲੋਬਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਤੋਂ ਨੈਸ਼ਨਲ ਚੇਅਰਮੈਨ ਸੁਮਿਤ ਪੁਜਾਨਾ ਆਪਣੀ ਟੀਮ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਦੀ ਟੀਮ ਨੇ ਵੀ ਪ੍ਰੋਗਰਾਮ ਵਿਚ ਖ਼ਾਸ ਪਛਾਣ ਬਣਾਈ। ਇਸੇ ਕੜੀ ਵਿਚ ਮੋਗਾ ਦੇ ਰਹਿਣ ਵਾਲੇ ਤ੍ਰਿਲੋਚਨ ਸਿੰਘ ਧੀਮਾਨ ਜੋ ਕਿ ਡੀਸੀ ਦਫ਼ਤਰ ਫਿਰੋਜ਼ਪੁਰ ਵਿਚ ਪ੍ਰੋਗਰਾਮ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਨੂੰ ਉਨ੍ਹਾਂ ਦੇ ਲਗਾਤਾਰ ਸਮਾਜਿਕ ਯੋਗਦਾਨ ਅਤੇ ਸੇਵਾ ਭਾਵਨਾ ਲਈ ‘ਡਾਇਮੰਡ ਗਲੋਬਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਲਈ ਸਗੋਂ ਪੂਰੇ ਮੋਗਾ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ। ਸਨਮਾਨ ਪ੍ਰਾਪਤ ਕਰਨ ਉਪਰੰਤ ਤ੍ਰਿਲੋਚਨ ਸਿੰਘ ਧੀਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਹੋਰ ਵਧੀਆ ਕੰਮ ਕਰਨ ਦੀ ਪ੍ਰੇਰਣਾ ਬਣੇਗਾ। ਉਨ੍ਹਾਂ ਨੈਸ਼ਨਲ ਸੁਪਰੀਮੋ ਨਰਿੰਦਰ ਅਰੋੜਾ ਅਤੇ ਨੈਸ਼ਨਲ ਚੇਅਰਮੈਨ ਸੁਮਿਤ ਪੁਜਾਨਾ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਅੱਗੇ ਵੀ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ਼ ਇੰਡੀਆ ਨਾਲ ਮਿਲ ਕੇ ਸਮਾਜ ਦੀ ਭਲਾਈ ਲਈ ਨਿਸ਼ਕਾਮ ਸੇਵਾ ਕਰਦੇ ਰਹਿਣਗੇ। ਉਨ੍ਹਾਂ ਹੋਰ ਕਿਹਾ ਕਿ ਭਵਿੱਖ ਵਿਚ ਸੰਸਥਾ ਦੇ ਸਹਿਯੋਗ ਨਾਲ ਵੱਖ-ਵੱਖ ਜਗ੍ਹਾ ’ਤੇ ਜਾਗਰੂਕਤਾ ਕੈਂਪ, ਸਿਹਤ ਕੈਂਪ ਅਤੇ ਹੋਰ ਭਲਾਈ ਦੇ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਜੋ ਲੋਕਾਂ ਵਿਚ ਸੱਚਾਈ ਅਤੇ ਇਨਸਾਫ਼ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਨੈਸ਼ਨਲ ਚੇਅਰਮੈਨ ਸੁਮਿਤ ਪੁਜਾਨਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸੰਸਥਾ ਹਮੇਸ਼ਾ ਆਪਣੇ ਮੈਂਬਰਾਂ ਦੇ ਨਾਲ ਖੜ੍ਹੀ ਰਹਿੰਦੀ ਹੈ ਅਤੇ ਜੋ ਵੀ ਮੈਂਬਰ ਸਮਾਜਿਕ ਭਲਾਈ ਲਈ ਸਰਗਰਮ ਰਹਿੰਦਾ ਹੈ, ਉਸਨੂੰ ਸਮੇਂ-ਸਮੇਂ ’ਤੇ ਪ੍ਰੋਤਸਾਹਿਤ ਅਤੇ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਦੇਸ਼ ਵਿਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਸਮਾਗਮ ਦੌਰਾਨ ਵੱਖ-ਵੱਖ ਸੱਭਿਆਚਾਰਕ ਪ੍ਰਸਤੁਤੀਆਂ ਵੀ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਨੂੰ ਮੋਹ ਲਿਆ। ਇਸ ਤੋਂ ਇਲਾਵਾ ਸਮਾਜਿਕ ਸੇਵਾ ਨਾਲ ਜੁੜੇ ਹੋਰ ਕਈ ਮੋਹਰੀ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਭਵਿਆ ਸਮਾਗਮ ਵਿਚ ਮੋਗਾ ਤੋਂ ਅਮਨ ਮੈਦਾਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ, ਜਿਨ੍ਹਾਂ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਤ੍ਰਿਲੋਚਨ ਸਿੰਘ ਧੀਮਾਨ ਨੂੰ ਵਧਾਈ ਦਿੱਤੀ। ਇਸ ਤਰ੍ਹਾਂ ਇਹ ਸਮਾਗਮ ਨਾ ਸਿਰਫ਼ ਸਨਮਾਨ ਦਾ ਮੰਚ ਬਣਿਆ ਸਗੋਂ ਸਮਾਜਿਕ ਸੇਵਾ ਦੇ ਖੇਤਰ ਵਿਚ ਅੱਗੇ ਵੱਧਣ ਲਈ ਇਕ ਨਵੀਂ ਪ੍ਰੇਰਣਾ ਵੀ ਸਾਬਤ ਹੋਇਆ।