- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
14 ਮਾਰਚ ਨੂੰ ਪਿੰਡ ਕਿਲੀ ਚਹਿਲ ਜ਼ਿਲ੍ਹਾ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: 14 ਮਾਰਚ ਨੂੰ ਪਿੰਡ ਕਿਲੀ ਚਹਿਲ ਜ਼ਿਲ੍ਹਾ ਮੋਗਾ ਵਿਖੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਮਦ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਨੇ ਆਵਾਜਾਈ ਨੂੰ ਸੁਚਾਰੂ, ਸੁਰੱਖਿਅਤ ਅਤੇ ਨਿਰਵਿਘਨ ਬਣਾਈ ਰੱਖਣ ਲਈ ਕਈ ਮੁੱਖ ਸੜਕਾਂ ’ਤੇ ਟ੍ਰੈਫਿਕ ਦੇ ਬਦਲੇ ਰੂਟ ਨਿਰਧਾਰਿਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮੋਗਾ ਅਜੈ ਗਾਂਧੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਭਾਰੀ ਟ੍ਰੈਫਿਕ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਵਾਹਨਾਂ ਲਈ ਵੱਖ ਵੱਖ ਰਾਹ ਤੈਅ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਬੰਧ ਇਸ ਲਈ ਕੀਤੇ ਗਏ ਹਨ ਤਾਂ ਜੋ ਆਮ ਜਨਤਾ ਅਤੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲਦੀ ਰਹੇ। ਉਨ੍ਹਾਂ ਦੱਸਿਆ ਕਿ ਵੱਖ ਵੱਖ ਦਿਸ਼ਾਵਾਂ ਤੋਂ ਆਉਣ ਵਾਲੇ ਵਾਹਨਾਂ ਲਈ ਨਿਰਧਾਰਿਤ ਰਾਹ ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਗੁਰੂਹਰਸਹਾਇ ਤੋਂ ਆਉਣ ਵਾਲੇ ਲੋਕ ਜੇਕਰ ਲੁਧਿਆਣਾ ਜਾਂ ਚੰਡੀਗੜ੍ਹ ਜਾਣਾ ਚਾਹੁੰਦੇ ਹਨ ਤਾਂ ਉਹ ਤਲਵੰਡੀ ਭਾਈ, ਜ਼ੀਰਾ, ਕੋਟ ਈਸੇ ਖਾਂ, ਧਰਮਕੋਟ, ਸਿੱਧਵਾਂ ਬੇਟ ਰਾਹੀਂ ਲੁਧਿਆਣਾ ਵੱਲ ਜਾ ਸਕਦੇ ਹਨ। ਜਦਕਿ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਵਿਅਕਤੀ ਤਲਵੰਡੀ ਭਾਈ, ਮੋਗਾ, ਬੁੱਗੀਪੁਰਾ ਚੌਂਕ ਰਾਹੀਂ ਕਿਲੀ ਚਹਿਲ ਪਹੁੰਚ ਸਕਣਗੇ। ਬਰਨਾਲਾ, ਸੰਗਰੂਰ, ਪਟਿਆਲਾ ਅਤੇ ਜੀਂਦ ਪਾਸੇ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਜਾਂ ਪਠਾਨਕੋਟ ਵੱਲ ਜਾਣਾ ਹੈ, ਉਹ ਹਿਮਤਪੁਰਾ ਤਿਕੋਣੀ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਮੁਦਕੀ ਰਾਹੀਂ ਨੈਸ਼ਨਲ ਹਾਈਵੇ ’ਤੇ ਜਾ ਸਕਦੇ ਹਨ। ਅਬੋਹਰ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਆਉਣ ਵਾਲੇ ਲੋਕ ਜੇਕਰ ਲੁਧਿਆਣਾ ਜਾਣਾ ਚਾਹੁੰਦੇ ਹਨ ਤਾਂ ਉਹ ਕੋਟਕਪੂਰਾ, ਮੁੱਦਕੀ, ਜ਼ੀਰਾ, ਕੋਟ ਈਸੇ ਖਾਂ, ਸਿੱਧਵਾਂ ਬੇਟ ਰਾਹੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਨ। ਚੰਡੀਗੜ੍ਹ ਅਤੇ ਲੁਧਿਆਣਾ ਤੋਂ ਆਉਣ ਵਾਲੇ ਯਾਤਰੀ ਜਿਨ੍ਹਾਂ ਨੇ ਅੱਗੇ ਫਿਰੋਜ਼ਪੁਰ, ਫ਼ਰੀਦਕੋਟ, ਜ਼ੀਰਾ ਅਤੇ ਫਾਜ਼ਿਲਕਾ ਵੱਲ ਜਾਣਾ ਹੈ, ਉਹ ਨਾਨਕਸਰ, ਗਾਲਿਬ ਕਲਾਂ, ਕੋਕਰੀ ਕਲਾਂ, ਕੋਟ ਈਸੇ ਖਾ ਰਾਹੀਂ ਅੱਗੇ ਜਾ ਸਕਦੇ ਹਨ। ਹੁਸ਼ਿਆਰਪੁਰ, ਫਗਵਾੜਾ ਅਤੇ ਐੱਸਬੀਐੱਸ. ਨਗਰ ਤੋਂ ਸਮਾਗਮ ਵਿਚ ਆਉਣ ਵਾਲੇ ਲੋਕ ਨਕੋਦਰ, ਮਹਿਤਪੁਰ, ਸਿੱਧਵਾਂ ਬੇਟ, ਜਗਰਾਓਂ ਰਾਹੀਂ ਕਿਲੀ ਚਾਹਲਾ ਪਹੁੰਚ ਸਕਣਗੇ। ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਅਤੇ ਪਠਾਨਕੋਟ ਤੋਂ ਆਉਣ ਵਾਲੇ ਲੋਕ ਮਖੂ, ਜ਼ੀਰਾ, ਤਲਵੰਡੀ ਭਾਈ, ਮੋਗਾ, ਬੁੱਗੀਪੁਰਾ ਚੌਂਕ ਰਾਹੀਂ ਸਮਾਗਮ ਸਥਾਨ ’ਤੇ ਪਹੁੰਚ ਸਕਣਗੇ। ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ ਜ਼ਿਲ੍ਹਾ ਪੁਲਿਸ ਮੋਗਾ ਵੱਲੋਂ ਟ੍ਰੈਫਿਕ ਸੰਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਕੰਟਰੋਲ ਰੂਮ ਦੇ ਦੋ ਮੋਬਾਈਲ ਨੰਬਰ 9780001879 ਅਤੇ 96568-96568 ਜਾਰੀ ਕੀਤੇ ਗਏ ਹਨ। ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਜਾਂ ਮਦਦ ਲਈ ਲੋਕ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ। ਅੰਤ ਵਿਚ ਐੱਸਐੱਸਪੀ ਮੋਗਾ ਨੇ ਸਮੂਹ ਜਨਤਾ ਨੂੰ ਨਿਮਰ ਅਪੀਲ ਕੀਤੀ ਕਿ ਸਮਾਗਮ ਦੌਰਾਨ ਨਿਰਧਾਰਤ ਕੀਤੇ ਗਏ ਬਦਲੇ ਰੂਟਾਂ ਦੀ ਹੀ ਵਰਤੋਂ ਕੀਤੀ ਜਾਵੇ ਤਾਂ ਜੋ ਟ੍ਰੈਫਿਕ ਪ੍ਰਬੰਧ ਸੁਚਾਰੂ ਰਹੇ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।