ਗਰਮੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ
ਰਾਜ ਵਿਚ ਇਸ ਗਰਮੀ ਦੇ ਮੌਸਮ ਦੌਰਾਨ ਲਗਾਤਾਰ
Publish Date: Mon, 20 Apr 2026 06:07 PM (IST)
Updated Date: Tue, 21 Apr 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਰਾਜ ਵਿਚ ਇਸ ਗਰਮੀ ਦੇ ਮੌਸਮ ਦੌਰਾਨ ਲਗਾਤਾਰ ਦਿਨ ਦਾ ਤਾਪਮਾਨ ਵੱਧ ਰਿਹਾ ਹੈ, ਮੌਸਮ ਵਿਭਾਗ ਵੱਲੋਂ ਵੀ ਅਗਲੇ ਦਿਨਾਂ ਵਿਚ ਅਚਾਨਕ ਤਾਪਮਾਨ ਦੇ ਵੱਧਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਲਈ ਗਰਮੀ ਤੋਂ ਬਚਣ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਨੇ ਕਿਹਾ ਕਿ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਪਾਣੀ, ਨਿੰਬੂ-ਪਾਣੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਜੇਕਰ ਹੋ ਸਕੇ ਤਾਂ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ਼, ਖਰਬੂਜ਼ਾ, ਸੰਤਰਾ, ਖੀਰੇ, ਟਮਾਟਰ ਆਦਿ ਵੱਧ ਪਾਣੀ ਵਾਲੇ ਪਦਾਰਥਾਂ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਤਿੱਖੀ ਧੁੱਪ ਤੋਂ ਬੱਚਣ ਲਈ ਦੁਪਿਹਰ ਵੇਲੇ ਘਰ ਤੋਂ ਬਾਹਰ ਘੱਟ ਤੋਂ ਘੱਟ ਨਿਕਲਿਆ ਜਾਵੇ। ਜੇਕਰ ਦੁਪਹਿਰ ਵੇਲੇ ਕਿਸੇ ਕੰਮ ਕਰਕੇ ਬਾਹਰ ਜਾਣਾ ਪੈ ਜਾਂਦਾ ਹੈ ਤਾਂ ਕੋਸ਼ਿਸ਼ ਕਰੋ ਕਿ ਕੁੱਝ ਸਮਾਂ ਠੰਡੀ ਥਾਂ ਜਿਵੇਂ ਕਿ ਰੁੱਖ ਹੇਠਾਂ ਬੈਠਿਆ ਜਾਵੇ। ਗਰਮੀ ਦੇ ਦਿਨਾਂ ਦੌਰਾਨ ਹਮੇਸ਼ਾਂ ਹਲਕੇ ਰੰਗ ਦੇ ਕਪੜੇ ਪਾਏ ਜਾਣ। ਉੁਨ੍ਹਾਂ ਦੱਸਿਆ ਕਿ ਨਵ ਜੰਮੇ ਬੱਚਿਆਂ, ਮੋਟਾਪੇ ਤੋਂ ਪੀੜਤ ਲੋਕਾਂ, ਮਾਨਸਿਕ ਰੂਪ ਵਿੱਚ ਬੀਮਾਰ ਲੋਕਾਂ, ਦਿਲ ਦੇ ਰੋਗਾਂ ਤੋਂ ਪੀੜਤ ਵਿਅਕਤੀ , ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਜਿਆਦਾ ਖਤਰਾ ਹੁੰਦਾ ਹੈ, ਇਸ ਲਈ ਗਰਮੀ ਦੇ ਦਿਨਾਂ ਵਿਚ ਬੱਚਿਆਂ, ਬਜੁਰਗਾਂ ਅਤੇ ਗਰਭਵਤੀ ਔਰਤਾਂ ਦਾ ਖਾਸ ਧਿਆਨ ਰਖਿਆ ਜਾਵੇ। ਉਨ੍ਹਾਂ ਦੱਸਿਆ ਕਿ ਹੀਟਸਟਰੋਕ ਦੇ ਮਰੀਜਾਂ ਦੀ ਸੰਭਾਲ ਲਈ ਜਿਲ੍ਹਾ ਹਸਪਤਾਲ ਅਤੇ ਸੀ ਐੱਚਸੀ ਪੱਧਰ ਤੇ ਵੀ ਵੱਖਰੇ ਪਰਬੰਧ ਕੀਤੇ ਜਾ ਚੁੱਕੇ ਹਨ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਨਰੇਸ਼ ਆਮਲਾ ਨੇ ਦੱਸਿਆ ਕਿ ਗਰਮੀ ਲੱਗਣ ਨਾਲ ਸ਼ਰੀਰ ਤੇ ਪਿੱਤ, ਚੱਕਰ ਆਉਣੇ, ਬਹੁਤ ਪਸੀਨਾਂ ਆਉਣਾ ਤੇ ਥਕਾਨ ਹੋਣਾ, ਸਿਰ ਦਰਦ ਤੇ ਉਲਟੀਆਂ ਲਗਣੀਆਂ, ਚਮੜੀ ਦਾ ਲਾਲ ਹੋਣਾ ਤੇ ਖੁਸ਼ਕ ਹੋਣਾ, ਬੇਚੈਨੀ, ਚਿੜਚਿੜਾਪਣ, ਦਿਲ ਦੀ ਧੜਕਣ ਦਾ ਵੱਧਣਾ ਆਦਿ ਵਰਗੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ ਅਤੇ ਕਈ ਵਾਰੀ ਗਰਮੀ ਲੱਗਣ ਨਾਲ ਮਾਸ਼ਪੇਸ਼ੀਆਂ ਵਿਚ ਵੀ ਕਮਜੋਰੀ ਆ ਜਾਂਦੀ ਹੈ। ਜਿਸ ਨਾਲ ਵਿਅਕਤੀ ਥੋੜਾ ਜਿਹਾ ਕੰਮ ਕਰਨ ਤੇ ਵੀ ਬਹੁਤ ਜ਼ਿਆਦਾ ਥਕਾਨ ਮਹਿਸੂਸ ਕਰਦਾ ਹੈ। ਗਰਮੀ ਦੇ ਮੌਸਮ ਵਿਚ ਕੜਕਦੀ ਧੁੱਪ ਵਿਚ ਲੇਬਰ ਦਾ ਕੰਮ ਕਰ ਰਹੇ ਵਿਅਕਤੀਆਂ ਵਿਚ ਕਈ ਵਾਰੀ ਹੀਟ ਸਟਰੋਕ ਦੀ ਪ੍ਰੇਸ਼ਾਨੀ ਆਉਂਦੀ ਹੈ, ਜੋ ਕਿ ਜਾਨ ਲੇਵਾ ਵੀ ਹੋ ਸਕਦੀ ਹੈ। ਇਸ ਲਈ ਕੜਕਦੀ ਧੁੱਪ ਚ ਲੰਮੇ ਸਮੇਂ ਕੰਮ ਤੋਂ ਗੁਰੇਜ਼ ਕੀਤਾ ਜਾਵੇ। ਜਰੂਰਤ ਪੈਣ ਤੇ ਮੁਫਤ ਐਂਬੂਲੈਂਸ ਸੇਵਾ ਲਈ ਟੋਲ ਫ੍ਰੀ ਨੰਬਰ 108 ਅਤੇ ਸਿਹਤ ਸਬੰਧੀ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 104 ਤੇ ਸਪੰਰਕ ਕੀਤਾ ਜਾ ਸਕਦਾ ਹੈ।