ਪੰਜਾਬ ਬਜਟ 2026 ਸਮੇਂ ਪੱਤਰਕਾਰਾਂ ਨੂੰ ਅਣਗੋਲਿਆਂ ਕਰਨ ਦੀ ਨਿਖੇਧੀ
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ
Publish Date: Tue, 10 Mar 2026 05:23 PM (IST)
Updated Date: Wed, 11 Mar 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਮੋਗਾ: ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾਈ ਚੇਅਰਮੈਨ ਬਲਬੀਰ ਸਿੰਘ ਜੰਡੂ, ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜਟ ਵਿਚ ਸੂਬੇ ਦੇ ਪੱਤਰਕਾਰਾਂ ਨੂੰ ਪੂਰੀ ਤਰ੍ਹਾਂ ਅਣਗੌਲ਼ਿਆ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਸਾਲਾਂ ਵਾਂਗ ਆਪਣੀ ਸਰਕਾਰ ਦੇ ਆਖ਼ਰੀ ਬਜਟ ਵਿਚ ਵੀ ਪੱਤਰਕਾਰਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਮੀਡੀਆ ਦੇ ਸਹਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਸਰਕਾਰ ਹੁਣ ਉਸ ਮੀਡੀਆ ਵੱਲ ਪਿੱਠ ਕਰ ਕੇ ਖੜ੍ਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਸੱਤਾਧਾਰੀ ਧਿਰ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸਰਕਾਰ ਦੇ ਪੱਤਰਕਾਰ ਵਿਰੋਧੀ ਰਵਈਏ ਖ਼ਿਲਾਫ਼ ਸੂਬੇ ਵਿਚ ਹਰ ਪੱਧਰ ’ਤੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਵੱਖ ਵੱਖ ਸਮੇਂ ਸਰਕਾਰ ਦੇ ਨੁਮਾਇੰਦਿਆਂ, ਮੰਤਰੀਆਂ ਅਤੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਭਰੋਸਾ ਮਿਲਣ ਦੇ ਬਾਵਜੂਦ ਬਜਟ ਪੇਸ਼ ਕਰਨ ਸਮੇਂ ਪੱਤਰਕਾਰਾਂ ਸਮੇਤ ਡੈਸਕ ਸਟਾਫ਼ ਨੂੰ ਪੈਨਸ਼ਨ, ਹਰਿਆਣਾ ਪੈਟਰਨ ’ਤੇ ਮੁਫ਼ਤ ਬੱਸ ਸਫ਼ਰ, ਐਕਸ-ਗਰੇਸ਼ੀਆ ਸਕੀਮ ਅਧੀਨ ਲਿਆਉਣ, ਚੰਡੀਗੜ੍ਹ ਸਥਿਤ ਪੱਤਰਕਾਰਾਂ ਲਈ ਮਕਾਨਾਂ ਦਾ ਕੋਟਾ 50 ਫੀਸਦੀ ਕਰਨ, ਜ਼ਿਲ੍ਹਿਆਂ ਵਿੱਚ ਪੱਤਰਕਾਰਾਂ ਨੂੰ ਰਿਹਾਇਸ਼ੀ ਮਕਾਨ-ਫਲੈਟ ਬਣਾਉਣ ਲਈ ਸਸਤੀਆਂ ਦਰਾਂ ਉਪਰ ਪਲਾਟ ਦੇਣ, ਪ੍ਰਿੰਟ ਅਤੇ ਇਲੈਕਟ੍ਰਾਨਿਕਸ ਮੀਡੀਆ ਦੇ ਨਿਊਜ਼ ਟੇਬਲਾਂ ਉਪਰ ਕੰਮ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਫ਼ੀਲਡ ਪੱਤਰਕਾਰਾਂ ਵਾਲੀਆਂ ਸਹੂਲਤਾਂ ਦੇਣ, ਸਾਰੇ ਪੱਤਰਕਾਰਾਂ ਲਈ ਸਿਹਤ ਬੀਮਾ ਯੋਜਨਾ ਲਾਗੂ ਕਰਨ ਦੇ ਮਾਮਲੇ ਵਿਚ ਬਜਟ ਵਿਚ ਜ਼ਿਕਰ ਤੱਕ ਨਾ ਕਰਨਾ ਸਰਕਾਰ ਦੇ ਮੀਡੀਆ ਪ੍ਰਤੀ ਰਵਈਏ ਨੂੰ ਨੰਗਾ ਕਰ ਕੇ ਰੱਖ ਦਿੱਤਾ ਹੈ । ਇਸ ਮੌਕੇ ’ਤੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਦੇ ਸਰਪ੍ਰਸਤ ਜਗਸੀਰ ਸ਼ਰਮਾ, ਪ੍ਰਧਾਨ ਮਨੋਜ ਭੱਲਾ ਅਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਮੱਲੇਆਣਾ ਆਦਿ ਹਾਜ਼ਰ ਸਨ।