ਮਾਘੀ ਮੌਕੇ ਗੁਰੂਘਰ ’ਚ ਲੱਗੀਆਂ ਰੌਣਕਾਂ
ਮਾਘੀ ਦੇ ਪਵਿੱਤਰ ਦਿਹਾੜੇ
Publish Date: Wed, 14 Jan 2026 05:31 PM (IST)
Updated Date: Thu, 15 Jan 2026 04:06 AM (IST)

ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ’ਚ ਸੰਗਤ ਹੋਈ ਨਤਮਸਤਕ, ਗੁਰਬਾਣੀ ਦਾ ਆਨੰਦ ਮਾਣਿਆ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਖੇਤਰ ਦੇ ਪ੍ਰਸਿੱਧ ਇਤਿਹਾਸਿਕ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਬੜੀ ਸ਼ਰਧਾ, ਉਤਸ਼ਾਹ ਅਤੇ ਭਗਤੀ ਭਾਵ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਦੂਰ-ਦੂਰ ਤੋਂ ਪਹੁੰਚੀਆਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ ਪਵਿੱਤਰ ਪਾਠਾਂ ਦੇ ਭੋਗ ਪਾਏ ਗਏ ਅਤੇ 12 ਮਾਹ ਦੇ ਪਾਠ ਦੀ ਸੰਪੂਰਨਤਾ ਕੀਤੀ ਗਈ। ਇਸ ਮੌਕੇ ਹਜ਼ੂਰੀ ਰਾਗੀ ਭਾਈ ਸੋਹਣ ਸਿੰਘ ਅਤੇ ਭਾਈ ਇਕਬਾਲ ਸਿੰਘ ਲੰਗਿਆਣਾ ਦੇ ਕੀਰਤਨੀ ਜਥਿਆਂ ਵੱਲੋਂ ਰਸਭਰੇ ਸ਼ਬਦ-ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਤੋਂ ਇਲਾਵਾ ਕਵੀਸ਼ਰੀ ਜੱਥਾ ਗੁਰਬਚਨ ਸਿੰਘ ਸ਼ੇਰਪੁਰੀ ਵੱਲੋਂ ਸਿੱਖ ਇਤਿਹਾਸ ਅਤੇ ਬੀਰ ਰਸ ਵਾਰਾਂ ਦੀ ਜੋਸ਼ ਭਰੀ ਪੇਸ਼ਕਾਰੀ ਕਰਕੇ ਸੰਗਤਾਂ ਦੇ ਮਨਾਂ ਵਿੱਚ ਧਾਰਮਿਕ ਉਤਸ਼ਾਹ ਅਤੇ ਸ਼ਹੀਦੀ ਜਜ਼ਬਾ ਭਰਿਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਨੇ ਸੰਗਤਾਂ ਨੂੰ ਪ੍ਰਵਚਨ ਕਰਦੇ ਹੋਏ ਕਿਹਾ ਕਿ ਮਾਘੀ ਵਰਗੇ ਪਵਿੱਤਰ ਦਿਹਾੜੇ ਸਾਨੂੰ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫ਼ਲ ਬਣਾਉਣ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਰੋਗਾਂ ਦਾ ਅਸਲੀ ਇਲਾਜ ਹੈ। ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਅਧਾਰ ਬਣਾ ਲਈਏ ਤਾਂ ਹਰ ਮੁਸ਼ਕਲ ਆਸਾਨ ਹੋ ਸਕਦੀ ਹੈ। ਸੰਤ ਬਾਬਾ ਗੁਰਦੀਪ ਸਿੰਘ ਨੇ ਹੋਰ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਬਖ਼ਸ਼ ਕੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਇਸ ਲਈ ਸਾਡਾ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲੀਏ, ਗੁਰਬਾਣੀ ਨਾਲ ਜੁੜੀਏ, ਮਾਨਵਤਾ ਦੀ ਸੇਵਾ ਕਰੀਏ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਬਣਾਈਏ। ਧਾਰਮਿਕ ਸਮਾਗਮ ਦੇ ਨਾਲ-ਨਾਲ ਮੋਗਾ ਦੇ ਗਰਗ ਹਸਪਤਾਲ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਸੰਗਤਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ। ਇਸ ਦੇ ਨਾਲ ਹੀ ਪਿੰਡ ਚੰਦ ਪੁਰਾਣਾ ਵਿਖੇ ਮਾਘੀ ਦੇ ਮੇਲੇ ਦੀ ਰੌਣਕ ਵੀ ਵੇਖਣਯੋਗ ਰਹੀ। ਬੱਚਿਆਂ ਅਤੇ ਨੌਜਵਾਨਾਂ ਦੇ ਮਨੋਰੰਜਨ ਲਈ ਝੰਡੋਲ, ਪੀਘਾਂ ਅਤੇ ਵੱਖ-ਵੱਖ ਖੇਡਾਂ ਨਾਲ ਸਬੰਧਿਤ ਸਟਾਲ ਲਗਾਏ ਗਏ ਜਿਨ੍ਹਾਂ ਦਾ ਸੰਗਤਾਂ ਨੇ ਖੂਬ ਆਨੰਦ ਲਿਆ। ਸਮੁੱਚੇ ਸਮਾਗਮ ਨੇ ਧਾਰਮਿਕਤਾ ਦੇ ਨਾਲ-ਨਾਲ ਸਮਾਜਿਕ ਏਕਤਾ ਅਤੇ ਭਾਈਚਾਰੇ ਦਾ ਵੀ ਸੁਨੇਹਾ ਦਿੱਤਾ।