ਲੋਕ ਪ੍ਰਤੀਨਿਧਾਂ ਦੇ ਰਵੱਈਏ ਤੋਂ ਚਿੰਤਕ ਪਰੇਸ਼ਾਨ : ਢਿੱਲੋਂ
ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਪਵਿੱਤਰ
Publish Date: Thu, 12 Mar 2026 05:28 PM (IST)
Updated Date: Fri, 13 Mar 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਪਵਿੱਤਰ ਸਦਨਾਂ ਵਿਚ ਕੀਤੇ ਜਾਂਦੇ ਵਿਹਾਰ ਨੇ ਸਮਾਜ ਦੇ ਜਾਗਰੂਕ ਤੇ ਚੇਤਨ ਇਨਸਾਨਾਂ ਨੂੰ ਡਾਢਾ ਪ੍ਰੇਸ਼ਾਨ ਕੀਤਾ ਹੈ। ਇਸ ਅਤੀ ਸੰਜ਼ੀਦਾ ਮਾਮਲੇ ਬਾਰੇ ਆਪਣੇ ਮਨੋਭਾਵ ਪ੍ਰਗਟ ਕਰਦਿਆਂ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਲੋਕ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਆਪੋ ਆਪਣੇ ਹਲਕਿਆਂ ਵਿਚੋਂ ਚੁਣ ਕੇ ਭੇਜਦੇ ਹਨ ਤਾਂ ਕਿ ਵਿਧਾਨ ਸਭਾ ਅਤੇ ਲੋਕ ਸਭਾ ਵਿਚ ਲੋਕਾਂ ਦੇ ਮਾਮਲਿਆਂ ਨੂੰ ਸੁਚੱਜੇ ਢੰਗ ਨਾਲ ਉਠਾ ਕੇ ਹੱਲ ਕਰਵਾਉਣ ਪਰ ਜਦੋਂ ਅਸੀਂ ਇਨ੍ਹਾਂ ਪਵਿੱਤਰ ਸਦਨਾਂ ਵਿਚ ਸਾਡੇ ਪ੍ਰਤੀਨਿਧਾਂ ਦੁਆਰਾ ਇਕ ਦੂਜੇ ਪ੍ਰਤੀ ਵਰਤੀ ਜਾ ਰਹੀ ਅਤੀ ਨੀਵੇਂ ਪੱਧਰ ਦੀ ਸ਼ਬਦਾਵਲੀ, ਇਕ ਦੂਜੇ ’ਤੇ ਕੀਤੀ ਜਾਂਦੀ ਚਿੱਕੜ ਉਛਾਲੀ, ਗਾਲੀ ਗਲੋਚ ਤੇ ਧਮਕਾਉਣ ਵਰਗੇ ਵਰਤਾਰੇ ਨੂੰ ਦੇਖਦੇ ਅਤੇ ਸੁਣਦੇ ਹਾਂ ਤਾਂ ਮਨ ਬਹੁਤ ਦੁਖੀ ਹੁੰਦਾ ਹੈ ਕਿ ਜਿਨ੍ਹਾਂ ਨੂੰ ਲੋਕਾਂ ਨੇ ਐਡਾ ਮਾਣ ਬਖ਼ਸ਼ਿਆ ਹੁੰਦਾ ਹੈ, ਉਨ੍ਹਾਂ ਦਾ ਕਿਰਦਾਰ ਕਿੰਨਾ ਨੀਵੇਂ ਦਰਜੇ ਦਾ ਹੈ। ਇਹ ਵੀ ਬਹੁਤ ਮੰਦਭਾਗਾ ਹੈ ਕਿ ਲੋਕਾਂ ਨਾਲ ਸਬੰਧਤ ਮਸਲੇ ਜਾਂ ਪੰਜਾਬ ਦੇ ਅਹਿਮ ਮੁੱਦਿਆਂ ਬਾਰੇ ਮੰਥਨ ਕਰਨ ਦੀ ਥਾਂ ਇਹ ਭੱਦਰ ਪੁਰਸ਼ ਜਮਹੂਰੀਅਤ ਦਾ ਜਨਾਜ਼ਾ ਕੱਢਣ ਦੇ ਰਾਹ ਪਏ ਹੋਏ ਹਨ। ਪ੍ਰਿੰਸੀਪਲ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਚਲਾਉਣ ਲਈ ਰੋਜ਼ਾਨਾਂ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਵਿਚੋਂ ਇਕ ਕਰੋੜ ਤੋਂ ਵੱਧ ਰੁਪਏ ਖਰਚ ਕੀਤੇ ਜਾਂਦੇ ਹਨ। ਪਰ ਦੇਖਣ/ ਸੁਨਣ ਤੋਂ ਪਤਾ ਲੱਗਦਾ ਹੈ ਕਿ ਕਈ ਪ੍ਰਤੀਨਿਧ ਲੋਕ ਮਸਲਿਆਂ ਬਾਰੇ ਰੱਤੀ ਭਰ ਵੀ ਸੰਜ਼ੀਦਾ ਨਹੀਂ ਹਨ ਪਰ ਲੋਕ ਅਜਿਹੇ ਗੈਰ ਸੰਜ਼ੀਦਾ ਪ੍ਰਤੀਨਿਧਾਂ ਨੂੰ ਚੰਗੀ ਤਰ੍ਹਾਂ ਜਾਂਚ ਰਹੇ ਹਨ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭਵਿੱਖ ਵਿਚ ਭੁਗਤਣਾ ਪੈ ਸਕਦਾ ਹੈ। ਅਖ਼ੀਰ ਵਿਚ ਪ੍ਰਿੰਸੀਪਲ ਢਿੱਲੋਂ ਨੇ ਸਤਿਕਾਰਤ ਲੋਕ ਪ੍ਰਤੀਨਿਧਾਂ ਨੂੰ ਪਵਿੱਤਰ ਸਦਨ ਦੀ ਮਾਣ ਮਰਿਆਦਾ ਕਾਇਮ ਰੱਖਣ ਅਤੇ ਜਮਹੂਰੀਅਤ ਦੀਆਂ ਕਦਰਾਂ ਕੀਮਤਾਂ ’ਤੇ ਪਹਿਰਾ ਦੇਣ ਦੀ ਅਪੀਲ ਕੀਤੀ।