ਚੜਿੱਕ ਦੀ ਸਿੱਖ ਵਸੋਂ |ਚ ਸ਼ਰਾਬ ਦਾ ਠੇਕਾ ਖੋਲ੍ਹਣ ਦਾ ਜ਼ਬਰਦਸਤ ਵਿਰੋਧ
ਇਥੋਂ ਨੇੜਲੇ ਪਿੰਡ ਚੜਿੱਕ ਵਿਖੇ ਸੰਘਣੀ ਸਿੱਖ
Publish Date: Wed, 15 Apr 2026 05:46 PM (IST)
Updated Date: Thu, 16 Apr 2026 04:03 AM (IST)

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਟੀਮ ਨੇ ਪਿੰਡ ਵਾਸੀਆਂ ਦਾ ਦਿੱਤਾ ਡਟਵਾਂ ਸਾਥ ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ, ਚੜਿੱਕ : ਇਥੋਂ ਨੇੜਲੇ ਪਿੰਡ ਚੜਿੱਕ ਵਿਖੇ ਸੰਘਣੀ ਸਿੱਖ ਵਸੋਂ ਵਾਲੇ ਖੇਤਰ ਵਿਚ ਸ਼ਰਾਬ ਦੇ ਠੇਕਾ ਖੋਲ੍ਹਣ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੈਂਬਰ ਪੰਚਾਇਤ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕ ਮੰਗ ਕਰ ਰਹੇ ਹਨ ਕਿ ਸ਼ਰਾਬ ਦਾ ਠੇਕਾ ਪਿੰਡ ਤੋਂ ਬਾਹਰ ਲਿਜਾਇਆ ਜਾਵੇ। ਅਸਲ ਵਿਚ ਇਹ ਮਾਮਲਾ ਉਦੋਂ ਭਖਿਆ ਜਦੋਂ ਧੱਕੇ ਨਾਲ ਠੇਕਾ ਵਸੋਂ ਵਾਲੇ ਏਰੀਏ ਵਿਚ ਤਬਦੀਲ ਕੀਤਾ ਜਾ ਰਿਹਾ ਸੀ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਮੋਗਾ ਦੇ ਇੰਚਾਰਜ ਭਾਈ ਰਛਪਾਲ ਸਿੰਘ ਸੋਸ਼ਣ ਆਪਣੇ ਸਾਥੀਆਂ ਸਮੇਤ ਪਿੰਡ ਚੜਿੱਕ ਪਹੁੰਚੇ ਅਤੇ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸ਼ਰਾਬ ਦਾ ਠੇਕਾ ਪਿੰਡ ਵਿਚੋਂ ਬਾਹਰ ਨਾ ਲਿਜਾਇਆ ਗਿਆ ਤਾਂ ਉਹ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦੇਣਗੇ। ਇਸ ਮੌਕੇ ਭਾਈ ਰਛਪਾਲ ਸਿੰਘ ਸੋਸਣ ਨੇ ਸ਼ਰਾਬ ਦੇ ਠੇਕੇਦਾਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਸ਼ਰਾਬ ਦਾ ਠੇਕਾ ਸਿੱਖ ਆਬਾਦੀ ਵਾਲੇ ਖੇਤਰ ਵਿਚ ਨਹੀਂ ਖੁੱਲ੍ਹਣ ਦੇਣਗੇ। ਇਸ ਮੌਕੇ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਮੋਗਾ ਦੇ ਡੀਸੀ ਨਾਲ ਟੈਲੀਫੋਨ ਉੱਪਰ ਗੱਲ ਕਰਕੇ ਕਿਹਾ ਕਿ ਸ਼ਰਾਬ ਦੇ ਠੇਕੇ ਦਾ ਮਸਲਾ ਤੁਰੰਤ ਸੁਝਾਇਆ ਜਾਵੇ ਅਤੇ ਸ਼ਰਾਬ ਦਾ ਠੇਕਾ ਪਿੰਡ ਵਿਚੋਂ ਤੁਰੰਤ ਬਾਹਰ ਤਬਦੀਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਪ੍ਰਕਾਰ ਨਾਲ ਮਾਹੌਲ ਖਰਾਬ ਹੋਣ ਤੋਂ ਬਚ ਸਕੇ। ਪਿੰਡ ਵਾਸੀਆਂ ਦੇ ਰੋਹ ਨੂੰ ਦੇਖਦੇ ਹੋਏ ਸ਼ਰਾਬ ਦੇ ਠੇਕੇਦਾਰ ਨੇ ਕਿਹਾ ਕਿ ਉਹ ਇਸ ਠੇਕੇ ਨੂੰ ਤਬਦੀਲ ਕਰਕੇ ਪਿੰਡ ਦੇ ਬਾਹਰਵਾਰ ਬਣੀ ਦਾਣਾ ਮੰਡੀ ਵਿਚ ਖੋਲ੍ਹਣਗੇ। ਇਸ ਮੌਕੇ ਹਲਕਾ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਪਤੀ ਰਾਕੇਸ਼ ਅਰੋੜਾ ਅਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਅਨਾਜ ਮੰਡੀ ਵਿਚ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਸਨ ਅਤੇ ਲੋਕਾਂ ਨੇ ਉਨਾਂ ਨੂੰ ਕਿਹਾ ਕਿ ਉਹ ਹਾਕਮ ਧਿਰ ਨਾਲ ਸਬੰਧਤ ਹਨ, ਇਸ ਲਈ ਤੁਰੰਤ ਸ਼ਰਾਬ ਦੇ ਠੇਕੇ ਨੂੰ ਪਿੰਡ ਵਿਚੋਂ ਬਾਹਰ ਕਢਵਾਉਣ ਲਈ ਪ੍ਰਸਾਸ਼ਨ ਨਾਲ ਗੱਲ ਕਰਨ। ਬਾਅਦ ਵਿਚ ਡੀਸੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਇਹ ਮਸਲਾ ਜਲਦੀ ਹੱਲ ਕਰ ਲਿਆ ਜਾਵੇਗਾ ਅਤੇ ਉਨਾਂ ਨੇ ਸ਼ਰਾਬ ਦੇ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਉਹ ਸ਼ਰਾਬ ਦੀ ਦੁਕਾਨ ਪਿੰਡ ਦੇ ਬਾਹਰ ਹੀ ਖੋਲ੍ਹਣ।