ਮੁਫ਼ਤ ਬਿਜਲੀ ਤੇ ਔਰਤਾਂ ਨੂੰ ਬੱਸ ਸਫ਼ਰ ਦੀ ਸਹੂਲਤ ਦੇ ਨਾਂ 'ਤੇ ਜਨਤਾ ਨੂੰ ਲੁੱਟਣ ਦਾ ਸੱਚ ਆਇਆ ਸਾਹਮਣੇ : ਹਰਜੋਤ ਕਮਲ
ਭਾਰਤੀ ਜਨਤਾ ਪਾਰਟੀ ਦੇ
Publish Date: Wed, 07 Jan 2026 03:16 PM (IST)
Updated Date: Thu, 08 Jan 2026 04:00 AM (IST)

ਕੈਪਸ਼ਨ : ਹਰਜੋਤ ਕਮਲ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕਿਹਾ ਹੈ ਕਿ ਪੰਜਾਬ ਵਿਚ ਘਰੇਲੂ ਅਤੇ ਕਮਰਸ਼ੀਅਲ ਪ੍ਰਾਪਰਟੀ ਲਈ ਐੱਨਓਸੀ ਦੀਆਂ ਦਰਾਂ ਵਿਚ 200-400 ਗੁਣਾ ਵਾਧਾ ਕਰਕੇ ਨਾ ਸਿਰਫ਼ ਪੰਜਾਬ ਦੇ ਲੋਕਾਂ ਤੋਂ ਆਪਣਾ ਘਰ ਬਣਾਉਣ ਦਾ ਸੁਪਨਾ ਖੋਹ ਲਿਆ ਹੈ, ਸਗੋਂ ਹੁਣ ਜੇਕਰ ਕੋਈ ਵਿਅਕਤੀ ਸੜਕ ਕਿਨਾਰੇ ਦੁਕਾਨ ਖੋਲ੍ਹਣ ਦਾ ਸੁਪਨਾ ਦੇਖ ਰਿਹਾ ਹੈ ਤਾਂ ਉਸ ਤੋਂ ਇਹ ਸੁਪਨਾ ਵੀ ਖੋਹ ਲਿਆ ਗਿਆ ਹੈ। ਘਰੇਲੂ ਜ਼ਮੀਨ ਦੀ ਐੱਨਓਸੀ ਦੀ ਦਰ 172 ਰੁਪਏ ਪ੍ਰਤੀ ਗਜ਼ ਤੋਂ ਵਧਾ ਕੇ 325 ਰੁਪਏ ਪ੍ਰਤੀ ਗਜ਼ ਕਰ ਦਿੱਤੀ ਗਈ ਹੈ, ਜਦਕਿ ਕਮਰਸ਼ੀਅਲ ਪ੍ਰਾਪਰਟੀ ਦੀਆਂ ਦਰਾਂ 400 ਰੁਪਏ ਤੋਂ ਵਧਾ ਕੇ 1300 ਰੁਪਏ ਪ੍ਰਤੀ ਗਜ਼ ਤੱਕ ਕਰ ਦਿੱਤੀਆਂ ਗਈਆਂ ਹਨ। ਡਾ. ਹਰਜੋਤ ਕਮਲ ਨੇ ਕਿਹਾ ਕਿ ਮੁਫ਼ਤ ਬਿਜਲੀ ਅਤੇ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇ ਨਾਂ ਤੇ ਪੂਰੇ ਪੰਜਾਬ ਦੀ ਜਨਤਾ ਨੂੰ ਲੁੱਟਣ ਦਾ ਸੱਚ ਹੁਣ ਸਾਹਮਣੇ ਆਉਣ ਲੱਗਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੰਜਾਬ ਦੇ ਲੋਕਾਂ ਤੋਂ ਆਪਣਾ ਘਰ ਬਣਾਉਣ ਅਤੇ ਨਵਾਂ ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਹੀ ਖੋਹ ਲਿਆ ਜਾਵੇਗਾ ਤਾਂ ਬਾਕੀ ਕੀ ਬਚੇਗਾ? ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜੇ ਵੀ ਸਮਾਂ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਭਰਮ ਜਾਲ ਨੂੰ ਸਮਝ ਲੈਣ, ਨਹੀਂ ਤਾਂ ਇਹ ਸਰਕਾਰ ਖੁਸ਼ਹਾਲ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਵੇਗੀ। ਡਾ. ਹਰਜੋਤ ਕਮਲ ਨੇ ਕਿਹਾ ਕਿ ਆਪ ਦੀ ਨੀਤੀ ਜਨਤਾ ਨੂੰ ਲੁੱਟ ਕੇ ਆਪਣੇ ਅਹੁਦਿਆਂ ਤੋਂ ਰਹਿਤ ਆਗੂਆਂ ਤੇ ਪੈਸਾ ਖਰਚ ਕੇ ਉਨ੍ਹਾਂ ਨੂੰ ਸ਼ਾਹੀ ਜ਼ਿੰਦਗੀ ਦਾ ਅਹਿਸਾਸ ਕਰਵਾਉਣਾ ਹੈ। ਇਸ ਖਿਲਾਫ਼ ਜਨਤਾ ਨੂੰ ਖੜ੍ਹੇ ਹੋਣਾ ਪਵੇਗਾ ਤੇ ਭਾਜਪਾ ਦੀ ਨਿਗਮ ’ਚ ਸੱਤਾ ਬਣਾ ਕੇ ਹੀ ਇਸ ਰਾਜਾਸ਼ਾਹੀ ਨੂੰ ਖਤਮ ਕੀਤਾ ਜਾ ਸਕਦਾ ਹੈ।