ਜਥੇ. ਤੋਤਾ ਸਿੰਘ ਵੱਲੋਂ ਸ਼ੁਰੂ ਕੀਤੀ ਲੰਗਰ ਸੇਵਾ ਜਾਰੀ ਰਹੇਗੀ
ਸਾਬਕਾ ਕੈਬਨਿਟ ਮੰਤਰੀਜਥੇ. ਤੋਤਾ ਸਿੰਘ ਵੱਲੋਂ ਸ਼ੁਰੂ ਕੀਤੀ ਲੰਗਰ ਸੇਵਾ ਜਾਰੀ ਰਹੇਗੀ
Publish Date: Sun, 22 Feb 2026 04:03 PM (IST)
Updated Date: Mon, 23 Feb 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਧਰਮਕੋਟ: ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਈ ਦਹਾਕਿਆਂ ਤੋਂ ਹਰ ਸਾਲ ਚੇਤਰ ਮਹੀਨੇ ਦੀ ਸੰਗਰਾਦ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲੰਗਰ ਸੇਵਾ ਦੀ ਸ਼ੁਰੂ ਕੀਤੀ ਗਈ ਪਵਿੱਤਰ ਪਰੰਪਰਾ ਇਸ ਸਾਲ ਵੀ ਪੂਰੇ ਸਤਿਕਾਰ ਨਾਲ ਜਾਰੀ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਉਹ ਆਪਣੇ ਪਿਤਾ ਜੀ ਦੀ ਸੇਵਾ ਭਾਵਨਾ ਅਤੇ ਗੁਰੂ ਘਰ ਪ੍ਰਤੀ ਨਿਸ਼ਠਾ ਨੂੰ ਅੱਗੇ ਵਧਾਉਂਦੇ ਹੋਏ ਇਸ ਵਾਰ ਵੀ ਸੰਗਤਾਂ ਲੰਗਰ ਸਮਗਰੀ ਇਕੱਠੀ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ 14 ਮਾਰਚ ਸੰਗਰਾਂਦ ਵਾਲੇ ਦਿਨ ਲੰਗਰ ਸੇਵਾ ਨਿਭਾਉਣਗੀਆਂ। ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਜਥੇਦਾਰ ਤੋਤਾ ਸਿੰਘ ਸਿਰਫ ਇਕ ਰਾਜਨੀਤਿਕ ਆਗੂ ਨਹੀਂ ਸਗੋਂ ਇਕ ਸਾਦਗੀਪਸੰਦ ਅਤੇ ਸੇਵਾ ਭਾਵਨਾ ਵਾਲੀ ਸ਼ਖ਼ਸੀਅਤ ਸਨ। ਉਨ੍ਹਾਂ ਦਾ ਜੀਵਨ ਹਮੇਸ਼ਾਂ ਪੰਥ ਅਤੇ ਪੰਜਾਬ ਦੀ ਭਲਾਈ ਲਈ ਸਮਰਪਿਤ ਰਿਹਾ। ਉਨ੍ਹਾਂ ਨੇ ਆਪਣੇ ਰਾਜਨੀਤਿਕ ਜੀਵਨ ਦੌਰਾਨ ਸਿੱਖਿਆ, ਖੇਤੀਬਾੜੀ ਅਤੇ ਪਿੰਡੂ ਵਿਕਾਸ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਮੋਗਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਕੂਲਾਂ, ਕਾਲਜਾਂ ਅਤੇ ਹੋਰ ਢਾਂਚਾਗਤ ਸੁਵਿਧਾਵਾਂ ਦੇ ਵਿਕਾਸ ਵਿਚ ਉਨ੍ਹਾਂ ਦੀ ਭੂਮਿਕਾ ਯਾਦਗਾਰ ਮੰਨੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਜਥੇਦਾਰ ਤੋਤਾ ਸਿੰਘ ਹਮੇਸ਼ਾਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਰਹਿੰਦੇ ਸਨ। ਗੁਰੂ ਘਰ ਨਾਲ ਉਨ੍ਹਾਂ ਦੀ ਗਹਿਰੀ ਆਸਥਾ ਸੀ ਅਤੇ ਉਹ ਮੰਨਦੇ ਸਨ ਕਿ ਲੰਗਰ ਸੇਵਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਇਸੇ ਸੋਚ ਦੇ ਤਹਿਤ ਉਨ੍ਹਾਂ ਨੇ ਚੇਤਰ ਮਹੀਨੇ ਦੀ ਸੰਗਰਾਦ ਮੌਕੇ ਸ੍ਰੀ ਦਰਬਾਰ ਸਾਹਿਬ ਵਿਚ ਲੰਗਰ ਲਗਾਉਣ ਦੀ ਪਰੰਪਰਾ ਸ਼ੁਰੂ ਕੀਤੀ ਜੋ ਅੱਜ ਵੀ ਜਾਰੀ ਹੈ। ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਇਹ ਸੇਵਾ ਕੇਵਲ ਇਕ ਰਸਮ ਨਹੀਂ ਸਗੋਂ ਪਰਿਵਾਰ ਲਈ ਇਕ ਜ਼ਿੰਮੇਵਾਰੀ ਹੈ। ਉਨ੍ਹਾਂ ਦਾ ਪਰਿਵਾਰ ਜਥੇਦਾਰ ਤੋਤਾ ਸਿੰਘ ਦੀ ਵਿਰਾਸਤ ਨੂੰ ਸਾਂਭਦਿਆਂ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿਚ ਲਗਾਤਾਰ ਭਾਗ ਲੈਂਦਾ ਰਹੇਗਾ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਚ ਲਗਾਇਆ ਜਾਣ ਵਾਲਾ ਲੰਗਰ ਸੰਗਤਾਂ ਲਈ ਨਿਮਰ ਸੇਵਾ ਹੈ ਅਤੇ ਇਸ ਰਾਹੀਂ ਉਨ੍ਹਾਂ ਦੇ ਪਿਤਾ ਦੀ ਯਾਦ ਨੂੰ ਸੱਚੀ ਸ਼ਰਧਾਂਜ਼ਲੀ ਦਿੱਤੀ ਜਾਂਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸੰਗਤਾਂ ਵੀ ਇਸ ਸੇਵਾ ਵਿਚ ਸ਼ਾਮਲ ਹੋ ਕੇ ਗੁਰੂ ਘਰ ਦੀ ਬਖ਼ਸ਼ਿਸ਼ ਪ੍ਰਾਪਤ ਕਰਨ ਅਤੇ ਸਾਂਝੀਵਾਲਤਾ ਦੀ ਇਸ ਮਹਾਨ ਪਰੰਪਰਾ ਨੂੰ ਮਜ਼ਬੂਤ ਬਣਾਉਣ।