ਹੋਲੀ ਹਾਰਟ ਸਕੂਲ ਦੇ ਬੱਚੇ ਮੰਦਰ ’ਚ ਨਤਮਸਤਕ ਹੋਏ
ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ
Publish Date: Sun, 05 Apr 2026 03:52 PM (IST)
Updated Date: Mon, 06 Apr 2026 03:58 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਹਨੂਮਾਨ ਜਯੰਤੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁਭ ਅਵਸਰ ਤੇ ਸਕੂਲ ਦੇ ਕਿੰਡਰਗਾਰਟਨ ਸੈਕਸ਼ਨ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਮੰਦਿਰ ਦੀ ਯਾਤਰਾ ਕਰਵਾਈ ਗਈ। ਸਕੂਲ ਦੇ ਅਧਿਆਪਕਾਂ ਦੀ ਦੇਖ-ਰੇਖ ਹੇਠ ਬੱਚਿਆਂ ਨੇ ਮੰਦਿਰ ਦਾ ਦੌਰਾ ਕੀਤਾ ਅਤੇ ਭਗਵਾਨ ਹਨੂਮਾਨ ਜੀ ਅੱਗੇ ਸੀਸ ਨਿਵਾਇਆ। ਇਸ ਦੌਰੇ ਦਾ ਮੁੱਖ ਮੰਤਵ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਸੀ, ਤਾਂ ਜੋ ਬੱਚਿਆਂ ਦਾ ਆਉਣ ਵਾਲਾ ਸਾਲ ਸੁਖਦ ਅਤੇ ਸਫਲਤਾਪੂਰਵਕ ਰਹੇ। ਮੰਦਿਰ ਦੀ ਸ਼ਾਂਤਮਈ ਅਤੇ ਅਧਿਆਤਮਿਕ ਫ਼ਿਜ਼ਾ ਵਿਚ ਬੱਚੇ ਬਹੁਤ ਖ਼ੁਸ਼ ਨਜ਼ਰ ਆਏ। ਬੱਚਿਆਂ ਨੇ ਨਾ ਸਿਰਫ਼ ਉੱਥੇ ਪ੍ਰਾਰਥਨਾ ਕੀਤੀ, ਸਗੋਂ ਧਾਰਮਿਕ ਮਾਹੌਲ ਦਾ ਭਰਪੂਰ ਆਨੰਦ ਵੀ ਮਾਣਿਆ। ਅਧਿਆਪਕਾਂ ਨੇ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਸਾਰੇ ਬੱਚਿਆਂ ਲਈ ਇਹ ਇਕ ਬਹੁਤ ਹੀ ਯਾਦਗਾਰ ਅਤੇ ਅਨੰਦਮਈ ਅਨੁਭਵ ਰਿਹਾ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।