- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਚ ਬਣ ਰਹੇ ਚੋਣੀ ਮਾਹੌਲ ਦੇ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਪੰਜਾਬ ਵਿਚ ਬਣ ਰਹੇ ਚੋਣੀ ਮਾਹੌਲ ਦੇ ਦਰਮਿਆਨ ਜਿੱਥੇ ਸਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਤਿਆਰੀ ਨੂੰ ਤੇਜ਼ ਕਰ ਦਿੱਤਾ ਹੈ, ਉੱਥੇ ਮੋਗਾ ਹਲਕੇ ਵਿਚ ਨੌਜਵਾਨ ਆਗੂ ਰਛਪਾਲ ਸਿੰਘ ਸੋਸਣ ਦੀ ਵਧ ਰਹੀ ਸਰਗਰਮੀ ਨੇ ਸਿਆਸੀ ਮੈਦਾਨ ਵਿਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 8 ਮਾਰਚ ਨੂੰ ਉਨ੍ਹਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਜਾਣਾ ਸਿਆਸੀ ਪੱਖੋਂ ਇਕ ਵੱਡਾ ਫ਼ੈਸਲਾ ਮੰਨਿਆ ਜਾ ਰਿਹਾ ਹੈ, ਜਿਸ ਦੇ ਪ੍ਰਭਾਵ ਹੁਣ ਸਪੱਸ਼ਟ ਤੌਰ ’ਤੇ ਨਜ਼ਰ ਆ ਰਹੇ ਹਨ। ਨਿਯੁਕਤੀ ਤੋਂ ਬਾਅਦ ਰਛਪਾਲ ਸਿੰਘ ਸੋਸਣ ਨੇ ਲਗਾਤਾਰ ਜਨ ਸੰਪਰਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਉਹ ਪਿੰਡਾਂ ਦੀਆਂ ਸੱਥਾਂ, ਗਲੀਆਂ-ਮੁਹੱਲਿਆਂ ਅਤੇ ਸ਼ਹਿਰਾਂ ਦੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਲੋਕਾਂ ਨਾਲ ਸਿੱਧਾ ਸੰਵਾਦ ਕਰ ਰਹੇ ਹਨ। ਉਨ੍ਹਾਂ ਦੀ ਇਸ ਮੁਹਿੰਮ ਨੂੰ ਹਰ ਵਰਗ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਾਰਨ ਸਿਆਸੀ ਮਾਹੌਲ ਵਿਚ ਹਲਚਲ ਮਚ ਗਈ ਹੈ। ਰਛਪਾਲ ਸਿੰਘ ਸੋਸਣ ਦੀ ਸਭ ਤੋਂ ਵੱਡੀ ਖੂਬੀ ਇਹ ਮੰਨੀ ਜਾ ਰਹੀ ਹੈ ਕਿ ਉਹ ਸਿਰਫ਼ ਸਿਆਸੀ ਗੱਲਾਂ ਨਹੀਂ ਕਰਦੇ ਸਗੋਂ ਲੋਕਾਂ ਦੇ ਅਸਲ ਮੁੱਦਿਆਂ ਨੂੰ ਸਮਝਦੇ ਅਤੇ ਉਨ੍ਹਾਂ ਦੇ ਹੱਲ ਲਈ ਵਾਜਬ ਰਾਹ ਵੀ ਦਰਸਾਉਂਦੇ ਹਨ। ਉੱਚ ਪੜ੍ਹਾਈ ਹਾਸਲ ਕਰਨ ਦੇ ਨਾਲ-ਨਾਲ ਉਨ੍ਹਾਂ ਕੋਲ ਬਿਜ਼ਨੈੱਸ ਅਤੇ ਨੌਕਰੀ ਦਾ ਵਿਸ਼ਾਲ ਤਜ਼ੁਰਬਾ ਹੈ, ਜਿਸ ਨਾਲ ਉਹ ਆਮ ਇਨਸਾਨ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਨੇੜੇ ਤੋਂ ਜਾਣਦੇ ਹਨ। ਉਨ੍ਹਾਂ ਦੀ ਜਨ ਸੰਪਰਕ ਮੁਹਿੰਮ ਦੌਰਾਨ ਜਦੋਂ ਉਹ ਪੰਜਾਬ ਦੀ ਮੌਜੂਦਾ ਹਾਲਤ ਅਤੇ ਭਵਿੱਖ ਲਈ ਆਪਣਾ ਰੋਡਮੈਪ ਲੋਕਾਂ ਅੱਗੇ ਰੱਖਦੇ ਹਨ ਤਾਂ ਲੋਕਾਂ ਵਿਚ ਇਕ ਨਵੀਂ ਸੋਚ ਜਨਮ ਲੈਂਦੀ ਹੈ। ਉਹ ਖੁੱਲ੍ਹ ਕੇ ਕਹਿੰਦੇ ਹਨ ਕਿ ਆਜ਼ਾਦੀ ਤੋਂ ਬਾਅਦ ਕਈ ਵਾਰ ਲੋਕਾਂ ਨੇ ਆਪਣੇ ਵੋਟ ਦੀ ਸਹੀ ਵਰਤੋਂ ਨਹੀਂ ਕੀਤੀ, ਜਿਸ ਕਾਰਨ ਅੱਜ ਪੰਜਾਬ ਕਈ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਪਿੰਡਾਂ ਵਿਚ ਹੋਣ ਵਾਲੀਆਂ ਬੈਠਕਾਂ ਦੌਰਾਨ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਵਰਗ ਉਨ੍ਹਾਂ ਦੀਆਂ ਗੱਲਾਂ ਨਾਲ ਸਹਿਮਤ ਨਜ਼ਰ ਆ ਰਿਹਾ ਹੈ। ਲੋਕ ਉਨ੍ਹਾਂ ਦੇ ਵਿਜ਼ਨ ਅਤੇ ਸੱਚਾਈ ਨੂੰ ਸਮਝਦੇ ਹੋਏ ਉਨ੍ਹਾਂ ਦੇ ਨਾਲ ਜੁੜ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਮੁਹਿੰਮ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ। ਗੱਲਬਾਤ ਕਰਦਿਆਂ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਹਲਕੇ ਦੇ ਹਰ ਕੋਨੇ ਤੋਂ ਉਮੀਦ ਤੋਂ ਵੱਧ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਨਸ਼ਿਆਂ ਦੀ ਸਮੱਸਿਆ, ਬੇਰੁਜ਼ਗਾਰੀ ਅਤੇ ਪੰਜਾਬ ਲਈ ਦੂਰਦਰਸ਼ੀ ਨੀਤੀਆਂ ਦੀ ਘਾਟ ਕਾਰਨ ਰਵਾਇਤੀ ਸਿਆਸੀ ਪਾਰਟੀਆਂ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਹੁਣ ਉਹ ਇਕ ਨਵੇਂ ਵਿਕਲਪ ਦੀ ਤਲਾਸ਼ ਵਿਚ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿਚ ਵੱਡੀ ਗਿਣਤੀ ਵਿਚ ਲੋਕ ਪਾਰਟੀ ਨਾਲ ਜੁੜਣਗੇ ਅਤੇ ਇਕ ਵੱਡਾ ਜਨ ਅੰਦੋਲਨ ਖੜ੍ਹਾ ਕੀਤਾ ਜਾਵੇਗਾ, ਜੋ ਪੰਜਾਬ ਦੀ ਸਿਆਸਤ ਵਿਚ ਨਵਾਂ ਮੋੜ ਲਿਆਵੇਗਾ। ਇਸ ਮੁਹਿੰਮ ਦੇ ਤਹਿਤ ਘਰ ਘਰ ਤੱਕ ਪਹੁੰਚ ਬਣਾਈ ਜਾਵੇਗੀ ਅਤੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਜਾਵੇਗਾ। ਨੌਜਵਾਨ ਵਰਗ ਨੂੰ ਖਾਸ ਸੱਦਾ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਭਵਿੱਖ ਲਈ ਖੁਦ ਅੱਗੇ ਆਉਣ ਅਤੇ ਪੰਜਾਬ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਨੌਜਵਾਨ ਇਕ ਮੰਚ ’ਤੇ ਇਕੱਠੇ ਹੋ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਝੰਡੇ ਹੇਠ ਇਕ ਨਵਾਂ ਇਤਿਹਾਸ ਰਚਣ। ਸਮੂਹਿਕ ਤੌਰ ’ਤੇ ਵੇਖਿਆ ਜਾਵੇ ਤਾਂ ਰਛਪਾਲ ਸਿੰਘ ਸੋਸਣ ਦੀ ਇਹ ਮੁਹਿੰਮ ਸਿਰਫ਼ ਇਕ ਸਿਆਸੀ ਗਤੀਵਿਧੀ ਨਹੀਂ ਰਹੀ ਸਗੋਂ ਇਹ ਲੋਕਾਂ ਦੇ ਵਿਚਕਾਰ ਵਿਸ਼ਵਾਸ, ਉਮੀਦ ਅਤੇ ਬਦਲਾਅ ਦੀ ਇਕ ਮਜ਼ਬੂਤ ਲਹਿਰ ਵਜੋਂ ਉਭਰ ਰਹੀ ਹੈ, ਜੋ ਆਉਣ ਵਾਲੀਆਂ ਚੋਣਾਂ ਵਿਚ ਨਿਰਣਾਇਕ ਭੂਮਿਕਾ ਅਦਾ ਕਰ ਸਕਦੀ ਹੈ।