ਮਜ਼ਦੂਰ ਯੂਨੀਅਨ ਨੇ ਕਨਵੈਨਸ਼ਨ ਦੀ ਕੀਤੀ ਤਿਆਰੀ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ
Publish Date: Mon, 05 Jan 2026 05:05 PM (IST)
Updated Date: Tue, 06 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਇਕਾਈ ਮੋਗਾ ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਬੰਗਾ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿਚ 15 ਜਨਵਰੀ ਨੂੰ ਪਿੰਡ ਸਿੰਘਾਵਾਲਾ ਵਿਖੇ ਹੋਣ ਜਾ ਰਹੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਲੱਡੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਪੇਂਡੂ ਮਜ਼ਦੂਰਾਂ ਅਤੇ ਕਿਸਾਨ ਮਜ਼ਦੂਰਾਂ ਸਾਹਮਣੇ ਬੇਰੁਜ਼ਗਾਰੀ, ਘੱਟ ਦਿਹਾੜੀ, ਮਹਿੰਗਾਈ ਅਤੇ ਜ਼ਮੀਨੀ ਮਸਲਿਆਂ ਵਰਗੀਆਂ ਗੰਭੀਰ ਸਮੱਸਿਆਵਾਂ ਖੜ੍ਹੀਆਂ ਹਨ। ਅਜਿਹੇ ਹਾਲਾਤਾਂ ਵਿਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਇਹ ਕਨਵੈਨਸ਼ਨ ਮਜ਼ਦੂਰ ਵਰਗ ਦੀ ਆਵਾਜ਼ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਦੱਸਿਆ ਕਿ ਮੋਗਾ ਇਕਾਈ ਵੱਲੋਂ ਪਿੰਡ-ਪਿੰਡ ਸੰਪਰਕ ਕਰਕੇ ਵੱਡੀ ਗਿਣਤੀ ਵਿਚ ਸਾਥੀਆਂ ਨੂੰ ਕਨਵੈਨਸ਼ਨ ਵਿੱਚ ਲੈ ਕੇ ਜਾਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਸੁੱਖਾ ਸਿੰਘ ਦੁੱਨੇਕੇ ਨੇ ਕਿਹਾ ਕਿ ਕਨਵੈਨਸ਼ਨ ਦੀ ਸਫਲਤਾ ਲਈ ਸਾਰੇ ਸਾਥੀਆਂ ਦਾ ਸਾਂਝਾ ਯਤਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧ, ਆਵਾਜਾਈ ਅਤੇ ਅਨੁਸ਼ਾਸਨ ਸਬੰਧੀ ਹਰ ਪੱਖੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਕਨਵੈਨਸ਼ਨ ਬਿਨਾਂ ਕਿਸੇ ਰੁਕਾਵਟ ਦੇ ਸਫਲਤਾ ਨਾਲ ਸੰਪੰਨ ਹੋ ਸਕੇ। ਇਸ ਮੀਟਿੰਗ ਵਿਚ ਕਨਵੈਨਸ਼ਨ ਤਿਆਰੀ ਕਮੇਟੀ ਦੇ ਕਨਵੀਨਰ ਲਖਵੀਰ ਸਿੰਘ ਲੱਖਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਕਨਵੈਨਸ਼ਨ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਹਰ ਸਾਥੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਿੰਘਾ ਵਾਲੇ ਵਿਖੇ ਹੋਣ ਵਾਲੀ ਇਹ ਕਨਵੈਨਸ਼ਨ ਪੇਂਡੂ ਮਜ਼ਦੂਰ ਅੰਦੋਲਨ ਦੇ ਇਤਿਹਾਸ ਵਿਚ ਇਕ ਨਵਾਂ ਮੋੜ ਸਾਬਤ ਹੋਵੇਗੀ। ਇਸ ਮੌਕੇ ਸਰਜੀਤ ਸਿੰਘ ਸੋਨੀ, ਸੱਤਪਾਲ ਸਿੰਘ ਸੰਤਾ ਸਾਹ, ਸਰਵਣ ਸਿੰਘ, ਲਖਵੀਰ ਦਾਸ ਬਾਵਾ, ਗੁਰਪ੍ਰੀਤ ਸਿੰਘ ਗੋਰਾ, ਬਿੰਦਾ ਯਾਦਵ, ਸੋਕੀ ਚੰਦ ਸਮੇਤ ਹੋਰ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਕਨਵੈਨਸ਼ਨ ਦੀ ਕਾਮਯਾਬੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਸੰਕਲਪ ਲਿਆ। ਮੀਟਿੰਗ ਦੇ ਅੰਤ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਬੰਗਾ ਸਿੰਘ ਨੇ ਸਾਰੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਹਮੇਸ਼ਾ ਮਜ਼ਦੂਰ ਵਰਗ ਦੇ ਹੱਕਾਂ ਲਈ ਸੰਘਰਸ਼ ਕਰਦੀ ਆਈ ਹੈ ਅਤੇ ਇਹ ਕਨਵੈਨਸ਼ਨ ਉਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਮੰਚ ਸਾਬਤ ਹੋਵੇਗੀ। ਉਨ੍ਹਾਂ ਸਾਰੇ ਮਜ਼ਦੂਰ ਸਾਥੀਆਂ ਨੂੰ 15 ਜਨਵਰੀ ਨੂੰ ਸਿੰਘਾ ਵਾਲੇ ਵਿਖੇ ਪਹੁੰਚ ਕੇ ਕਨਵੈਨਸ਼ਨ ਨੂੰ ਇਤਿਹਾਸਕ ਬਣਾਉਣ ਦੀ ਅਪੀਲ ਕੀਤੀ।