ਤੇਜ਼ ਹਵਾਵਾਂ ਨਾਲ ਆਈ ਬਾਰਿਸ਼ ਨੇ ਕਣਕ ਦੀ ਵਾਢੀ ਕੀਤੀ ਪ੍ਰਭਾਵਿਤ
ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਮੋਗਾ
Publish Date: Fri, 03 Apr 2026 06:31 PM (IST)
Updated Date: Sat, 04 Apr 2026 04:08 AM (IST)

ਫਸਲ ਧਰਤੀ ’ਤੇ ਵਿਛਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਮਨਪ੍ਰੀਤ ਸਿੰਘ ਮੱਲੇਆਣਾ 0 ਪੰਜਾਬੀ ਜਾਗਰਣ ਮੋਗਾ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਮੋਗਾ ਖੇਤਰ ਵਿਚ ਵਗੀਆਂ ਤੇਜ਼ ਹਵਾਵਾਂ ਨਾਲ ਆਈ ਬਾਰਿਸ਼ ਨੇ ਕਣਕ ਦੀ ਫ਼ਸਲ ਨੂੰ ਧਰਤੀ ਤੇ ਵਿਛਾ ਦਿੱਤਾ ਹੈ। ਮੌਸਮ ਮਾਹਿਰਾਂ ਵੱਲੋਂ ਦੋ ਦਿਨ ਦੇ ਦਿੱਤੇ ਅਲਰਟ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਮੁਰਝਾਏ ਨਜ਼ਰ ਆ ਰਹੇ ਹਨ। ਜੇਕਰ ਮੌਸਮ ਇਸੇ ਤਰ੍ਹਾਂ ਖ਼ਰਾਬ ਰਹਿੰਦਾ ਹੈ ਤਾਂ ਕਣਕ ਦੀ ਫ਼ਸਲ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰ ਸਕਦਾ ਹੈ। ਮੋਗਾ ਖੇਤਰ ਵਿਚ ਤੇਜ਼ ਹਵਾਵਾਂ ਵਗਣ ਨਾਲ ਆਈ ਬਾਰਿਸ਼ ਨੇ ਕਣਕ ਦੀ ਵਾਢੀ ਨੂੰ 15 ਦਿਨ ਲੇਟ ਕਰ ਦਿੱਤਾ ਹੈ। ਭਾਵੇਂ ਕਿ ਮਾਲਵਾ ਖੇਤਰ ਵਿਚ ਕਿਸਾਨਾਂ ਵੱਲੋਂ ਹੱਥੀ ਵਾਢੀ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ ਜਾਂਦੀ ਫੇਰ ਵੀ ਇਸ ਖੇਤਰ ਦੇ ਇੱਕਾ ਦੁੱਕਾ ਕਿਸਾਨ ਹੱਥੀ ਵਾਢੀ ਕਰਦੇ ਹਨ। ਇਸ ਬਾਰਿਸ਼ ਨਾਲ ਹੱਥੀ ਵਾਢੀ ਦਾ ਕੰਮ ਜ਼ਰੂਰ ਪ੍ਰਭਾਵਿਤ ਹੋਵੇਗਾ। ਜ਼ਿਆਦਾਤਰ ਕਿਸਾਨ ਮਸ਼ੀਨ ਨਾਲ ਵਾਢੀ ਕਰਦੇ ਹਨ। ਮੋਗਾ ਖੇਤਰ ਵਿਚ ਵਿਸਾਖੀ ਤੋਂ ਕੁਝ ਦਿਨ ਪਹਿਲਾਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਪਰ ਸ਼ੁੱਕਰਵਾਰ ਦੁਪਹਿਰ ਸਮੇਂ ਖ਼ਰਾਬ ਹੋਏ ਮੌਸਮ ਦੌਰਾਨ ਤੇਜ਼ ਹਵਾਵਾਂ ਵਗਣ ਦੇ ਨਾਲ ਨਾਲ ਆਏ ਮੀਂਹ ਕਾਰਨ ਕਣਕ ਦੀ ਫ਼ਸਲ ਧਰਤੀ ਤੇ ਵਿਛ ਗਈ ਹੈ ਅਤੇ ਕਿਸਾਨਾਂ ਦੇ ਚਿਹਰੇ ਮੁਰਝਾਏ ਨਜ਼ਰ ਆ ਰਹੇ ਹਨ। 90 ਫੀਸਦੀ ਪੱਕ ਚੁੱਕੀ ਕਣਕ ਦੀ ਫ਼ਸਲ ਨੂੰ ਧਰਤੀ ਤੇ ਵਿਛਿਆਂ ਦੇਖ ਕਿਸਾਨਾਂ ਨੂੰ ਚਿੰਤਾ ਲੱਗ ਗਈ ਹੈ। ਮੋਗਾ ਖੇਤਰ ਦੇ ਕਿਸਾਨਾਂ ਛਿੰਦਰ ਸਿੰਘ, ਮੱਘਰ ਸਿੰਘ, ਧਰਮਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਮੰਦੀ ਦੇ ਦੌਰ ਵਿਚ ਗੁਜਰ ਰਹੇ ਹਨ, ਪਹਿਲਾਂ ਝੋਨੇ ਦੀ ਫਸਲ ਦੇ ਘੱਟ ਝਾੜ ਫੇਰ ਆਲੂਆਂ ਦੀ ਫ਼ਸਲ ਦਾ ਭਾਅ ਨਾ ਮਿਲਣ ਕਾਰਨ ਕਿਸਾਨ ਨਿਰਾਸ਼ ਸਨ। ਪਰ ਹੁਣ ਮੌਸਮ ਖ਼ਰਾਬ ਹੋਣ ਕਰਕੇ ਕਣਕ ਦੀ ਫ਼ਸਲ ਦਾ ਫ਼ਿਕਰ ਸਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਤਾਂ ਸਰਕਾਰਾਂ ਦੇ ਨਾਲ ਨਾਲ ਕੁਦਰਤ ਵੀ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ। ਉਕਤ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਤਾਂ ਰੱਬ ਹੀ ਕਿਸਾਨਾਂ ਦੀ ਬਾਂਹ ਫੜ ਲਵੇ ਤਾਂ ਉਹ ਆਪਣੀ ਫ਼ਸਲ ਤੋਂ ਕੁਝ ਚੰਗੇ ਦੀ ਆਸ ਵਿਚ ਬੈਠੇ ਹਨ। ਮੌਸਮ ਰਹਿੰਦਾ ਖਰਾਬ ਤਾਂ ਹੋਵੇਗਾ ਕਣਕ ਦਾ ਨੁਕਸਾਨ ਮਾਲਵਾ ਖੇਤਰ ਦੇ ਕਿਸਾਨ ਗੁਰਪ੍ਰੀਤ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਰੰਧਾਵਾ ਅਤੇ ਜਗਰਾਜ ਸਿੰਘ ਨੇ ਦੱਸਿਆਂ ਕਿ ਜੇਕਰ ਆਉਂਦੇ ਦਿਨਾਂ ਵਿਚ ਮੌਸਮ ਜਰਾ ਵੀ ਖ਼ਰਾਬ ਰਹਿੰਦਾ ਹੈ ਤਾਂ ਕਣਕ ਦੀ ਫ਼ਸਲ ਨੂੰ ਕਿਸਾਨ ਬਚਾਅ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਜੋ ਕਣਕ ਧਰਤੀ ਤੇ ਵਿਛ ਚੁੱਕੀ ਹੈ ਉਸ ਕਣਕ ਦੀ ਫ਼ਸਲ ਵਿਚ ਕਿਸਾਨਾਂ ਨੂੰ ਸਿਵਾਏ ਘਾਟੇ ਦੇ ਕੁਝ ਵੀ ਪੱਲੇ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਤਾਂ ਰੱਬ ਹੀ ਕਿਸਾਨਾਂ ਤੇ ਮਿਹਰ ਰੱਖੇ ਨਹੀਂ ਤਾਂ ਕਿਸਾਨ ਕਰਜ਼ੇ ਦੀ ਪੰਡ ਥੱਲੇ ਆ ਕੇ ਹੋਰ ਆਰਥਿਕ ਤੌਰ ਤੇ ਟੁੱਟ ਜਾਵੇਗਾ। ਐਤਵਾਰ ਤੱਕ ਮੌਸਮ ਖਰਾਬ ਰਹਿਣ ਦੀ ਚਿਤਾਵਨੀ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਅਗਲੇ ਦਿਨਾਂ ਤੱਕ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਹੈ। ਜੇਕਰ ਮੌਸਮ ਇਸੇ ਤਰ੍ਹਾਂ ਖ਼ਰਾਬ ਰਹਿੰਦਾ ਹੈ ਤਾਂ ਕਣਕ ਦੀ ਫ਼ਸਲ ਲਈ ਠੀਕ ਨਹੀਂ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਦੋ ਦਿਨਾਂ ਤੱਕ ਮੌਸਮ ਚ ਕੋਈ ਬਹੁਤੀ ਤਬਦੀਲੀ ਨਜ਼ਰ ਨਹੀਂ ਆ ਰਹੀ। ਤੇਜ਼ ਹਵਾਵਾਂ ਵਗਣ ਦੇ ਨਾਲ ਨਾਲ ਬਾਰਿਸ਼ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।