- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਜ਼ਿਲ੍ਹੇ ਦੀ ਤਹਿਸੀਲ ਧਰਮਕੋਟ ਦੇ

ਥਾਣਾ ਧਰਮਕੋਟ ਅੱਗੇ ਲਾਸ਼ ਰੱਖ ਕੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕੀਤੀ ਇਨਸਾਫ ਦੀ ਮੰਗ
ਮਨਪ੍ਰੀਤ ਸਿੰਘ ਮੱਲੇਆਣਾ, ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਮੋਗਾ ਜ਼ਿਲ੍ਹੇ ਦੀ ਤਹਿਸੀਲ ਧਰਮਕੋਟ ਦੇ ਪਿੰਡ ਭਿੰਡਰ ਵਿਚ ਸ਼ਨੀਵਾਰ ਤੜਕੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਨੌਜਵਾਨ ਨੂੰ ਕੰਮ ‘ਤੇ ਜਾਂਦੇ ਸਮੇਂ ਅੰਨ੍ਹੇਵਾਹ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਵਾਰਦਾਤ ਨਾਲ ਨਾ ਸਿਰਫ਼ ਪਿੰਡ ਭਿੰਡਰ ਸਗੋਂ ਆਸ-ਪਾਸ ਦੇ ਇਲਾਕਿਆਂ ਵਿਚ ਵੀ ਸਹਿਮ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੀ ਪਹਿਚਾਣ ਪਿੰਡ ਭਿੰਡਰ ਦੇ ਰਹਿਣ ਵਾਲੇ ਉਮਰਸੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਮਰਸੀਰ ਸਿੰਘ ਸਵੇਰੇ ਤੜਕੇ ਆਪਣੇ ਘਰ ਤੋਂ ਡਿਊਟੀ ਲਈਚ ਨਿਕਲਿਆ ਸੀ। ਹਾਲੇ ਉਹ ਪਿੰਡ ਤੋਂ ਥੋੜੀ ਹੀ ਦੂਰੀ ‘ਤੇ ਪਹੁੰਚਿਆ ਸੀ ਕਿ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਕਾਲੇ ਰੰਗ ਦੀ ਗੱਡੀ ਵਿਚ ਸਵਾਰ ਹਮਲਾਵਰਾਂ ਨੇ ਉਸ ਦੀ ਕਾਰ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਇਸ ਤੋਂ ਬਾਅਦ ਹਮਲਾਵਰਾਂ ਵੱਲੋਂ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਚਸ਼ਮਦੀਦਾਂ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਹਮਲਾਵਰਾਂ ਨੇ ਕਰੀਬ 15 ਤੋਂ 16 ਰੌਂਦ ਫਾਇਰ ਕੀਤੇ, ਜਿਸ ਨਾਲ ਉਮਰ ਸੀਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਖੂਨ ਨਾਲ ਲੱਥਪੱਥ ਹਾਲਤ ਵਿਚ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਖ਼ਬਰ ਫੈਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਜਦਕਿ ਪਿੰਡ ਵਾਸੀਆਂ ਵਿਚ ਇਸ ਕਤਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਹੋਈ ਇਸ ਵਾਰਦਾਤ ਨੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ ਤੋਂ ਨਾਰਾਜ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਵੱਲੋਂ ਉਮਰਸੀਰ ਸਿੰਘ ਦੀ ਲਾਸ਼ ਨੂੰ ਥਾਣਾ ਧਰਮਕੋਟ ਦੇ ਬਾਹਰ ਰੱਖ ਕੇ ਜ਼ੋਰਦਾਰ ਧਰਨਾ ਲਗਾਇਆ ਗਿਆ। ਧਰਨਾਕਾਰੀਆਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ, ਸਖ਼ਤ ਕਾਰਵਾਈ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਸ ਕਤਲ ਦੇ ਪਿੱਛੇ ਪਿੰਡ ਦੀ ਸਿਆਸਤ ਅਤੇ ਪੁਰਾਣੀ ਪਾਰਟੀਬਾਜ਼ੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਮੌਜੂਦਾ ਸਰਪੰਚ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਸ਼ਾਮਲ ਹੈ ਅਤੇ ਲੰਬੇ ਸਮੇਂ ਤੋਂ ਰੰਜਿਸ਼ ਰੱਖੀ ਜਾ ਰਹੀ ਸੀ। ਇਸ ਮੌਕੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਸਾਰੀ ਵਾਰਦਾਤ ਦੀ ਯੋਜਨਾ ਪਹਿਲਾਂ ਤੋਂ ਬਣਾਈ ਗਈ ਸੀ। ਇਸ ਮਾਮਲੇ ਸਬੰਧੀ ਡੀਐੱਸਪੀ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਕਾਲੀ ਗੱਡੀ ਵਿਚ ਆਏ ਅਣਪਛਾਤੇ ਹਮਲਾਵਰਾਂ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀਆਂ ਮੌਕੇ ‘ਤੇ ਪਹੁੰਚ ਗਈਆਂ ਸਨ ਅਤੇ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਪਰਿਵਾਰ ਵੱਲੋਂ ਜਿਨ੍ਹਾਂ ਵਿਅਕਤੀਆਂ ਦੇ ਨਾਮ ਲਿਖਵਾਏ ਗਏ ਹਨ, ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਡੀਐੱਸਪੀ ਨੇ ਦਾਅਵਾ ਕੀਤਾ ਕਿ ਮੁਲਜ਼ਮਾਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।
ਕਾਕਾ ਲੋਹਗੜ੍ਹ ਨੇ ਸਰਕਾਰ ‘ਤੇ ਸਾਧਿਆ ਨਿਸ਼ਾਨਾ
ਧਰਨੇ ਦੌਰਾਨ ਮੌਕੇ ‘ਤੇ ਪਹੁੰਚੇ ਕਾਂਗਰਸੀ ਆਗੂ ਅਤੇ ਸਾਬਕਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਲਾਅ ਐਂਡ ਆਰਡਰ ਦਾ ਜਨਾਜ਼ਾ ਨਿਕਲ ਚੁੱਕਿਆ ਹੈ ਅਤੇ ਆਮ ਆਦਮੀ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੀੜਤ ਪਰਿਵਾਰ ਦੇ ਨਾਲ ਡੱਟ ਕੇ ਖੜੀ ਹੈ ਅਤੇ ਜਦ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਸੰਘਰਸ਼ ਜਾਰੀ ਰਹੇਗਾ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਖੇਲਾ ਨੇ ਕਿਹਾ ਕਿ ਉਮਰਸੀਰ ਸਿੰਘ ਦਾ ਕਤਲ ਸਿੱਧੇ ਤੌਰ ‘ਤੇ ਬਲਾਕ ਸੰਮਤੀ ਚੋਣਾਂ ਦੌਰਾਨ ਬਣੀਆਂ ਸਿਆਸੀ ਰੰਜਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿੰਡ ਦੀ ਸਿਆਸਤ ਨੇ ਇਕ ਨੌਜਵਾਨ ਦੀ ਜਾਨ ਲੈ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿਚ ਕੋਈ ਹੋਰ ਪਰਿਵਾਰ ਅਜਿਹਾ ਦਰਦ ਨਾ ਸਹੇ।