- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਹਲਚਲ ਤੇਜ਼ ਹੋ ਰਹੀ ਹੈ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਜ਼ਮੀਨੀ ਪੱਧਰ ’ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਹੈ। ਇਸੇ ਕੜੀ ਵਿਚ ਅਕਾਲੀ ਦਲ (ਅ) ਵੱਲੋਂ ਪਿੰਡ ਠੂਠਗੜ੍ਹ ਵਿਚ ਵਰਕਰਾਂ ਦੀ ਇਕ ਵੱਡੀ ਅਤੇ ਅਹਿਮ ਮੀਟਿੰਗ ਕਰਵਾਈ ਗਈ, ਜਿਸ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ਦੌਰਾਨ ਬਲਰਾਜ ਸਿੰਘ ਖ਼ਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਪਿਛਲੇ ਕਈ ਸਾਲਾਂ ਤੋਂ ਝੂਠ, ਫਰੇਬ, ਲਾਲਚ ਅਤੇ ਮੌਕਾਪ੍ਰਸਤ ਸਿਆਸਤ ਦਾ ਸ਼ਿਕਾਰ ਰਹੀ ਹੈ, ਜਿਸ ਕਾਰਨ ਸੂਬੇ ਦੀ ਤਰੱਕੀ ਰੁਕ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਇਨ੍ਹਾਂ ਰਵਾਇਤੀ ਅਤੇ ਖ਼ੋਖਲੇ ਵਾਅਦਿਆਂ ਵਾਲੀਆਂ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਕੇ ਸੱਚੀ ਅਤੇ ਇਮਾਨਦਾਰ ਸਿਆਸਤ ਨੂੰ ਅਪਣਾਉਣ। ਉਨ੍ਹਾਂ ਨੇ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਵਿਚ ਪੰਜਾਬ ਦੀ ਜਨਤਾ ਵੱਡਾ ਫ਼ੈਸਲਾ ਲਵੇਗੀ ਅਤੇ ਅਕਾਲੀ ਦਲ (ਅ) ਨੂੰ ਭਾਰੀ ਸਮਰਥਨ ਦੇ ਕੇ ਇਕ ਨਵਾਂ ਰਾਜਨੀਤਿਕ ਵਿਕਲਪ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਪੰਥ ਦੇ ਹੱਕਾਂ ਲਈ ਡੱਟ ਕੇ ਖੜ੍ਹੀ ਰਹੀ ਹੈ ਅਤੇ ਅੱਗੇ ਵੀ ਇਹ ਸੰਘਰਸ਼ ਜਾਰੀ ਰਹੇਗਾ। ਖ਼ਾਲਸਾ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਦਾ ਅਸਲ ਆਧਾਰ ਉਸਦੇ ਜ਼ਮੀਨੀ ਵਰਕਰ ਹੁੰਦੇ ਹਨ, ਇਸ ਲਈ ਹਰ ਇਕ ਵਰਕਰ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਅਤੇ ਪਿੰਡ-ਪਿੰਡ, ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀ ਸੋਚ, ਨੀਤੀਆਂ ਅਤੇ ਕਾਰਜਕ੍ਰਮਾਂ ਬਾਰੇ ਜਾਣੂੰ ਕਰਵਾਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਵਰਕਰ ਇਕਜੁੱਟ ਹੋ ਕੇ ਮਿਹਨਤ ਕਰਨ, ਤਾਂ 2027 ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ।ਮੀਟਿੰਗ ਵਿਚ ਪੰਜਾਬ ਦੇ ਮੌਜੂਦਾ ਗੰਭੀਰ ਮਸਲਿਆਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਨਸ਼ੇ ਦੀ ਲਤ ਨੂੰ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਸਭ ਤੋਂ ਵੱਡਾ ਖ਼ਤਰਾ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਇਸ ਦੇ ਨਾਲ ਹੀ ਵਧ ਰਹੀ ਬੇਰੁਜ਼ਗਾਰੀ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਗਿਆ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ, ਜਿਸ ਕਾਰਨ ਉਹ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹਨ। ਪੰਥਕ ਮਸਲਿਆਂ ’ਤੇ ਗੱਲ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਹਮੇਸ਼ਾ ਅਣਡਿੱਠਾ ਕੀਤਾ ਗਿਆ ਹੈ ਜਦਕਿ ਅਕਾਲੀ ਦਲ (ਅ) ਇਨ੍ਹਾਂ ਨੂੰ ਆਪਣੀ ਪ੍ਰਾਥਮਿਕਤਾ ਮੰਨਦਾ ਹੈ ਅਤੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਪੰਜਾਬ ਦੇ ਹੱਕਾਂ ਦੀ ਰੱਖਿਆ ਕਰਨਾ ਅਤੇ ਸੂਬੇ ਨੂੰ ਤਰੱਕੀ ਦੀ ਰਾਹ ’ਤੇ ਲਿਆਉਣਾ ਹੈ। ਇਸ ਮੌਕੇ ਮੀਟਿੰਗ ਵਿ ਚ ਹਾਜ਼ਰ ਵਰਕਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਹਰ ਹਾਲਤ ਵਿਚ ਪਾਰਟੀ ਦੇ ਨਾਲ ਖੜ੍ਹੇ ਰਹਿਣਗੇ ਅਤੇ ਲੋਕਾਂ ਵਿਚ ਜਾ ਕੇ ਪਾਰਟੀ ਦੀ ਸੋਚ ਨੂੰ ਪਹੁੰਚਾਉਣਗੇ। ਮੀਟਿੰਗ ਵਿਚ ਦਰਸ਼ਨ ਸਿੰਘ, ਪਾਲ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ, ਜਗਜੀਤ ਸਿੰਘ, ਅਕਾਸ਼ਦੀਪ ਸਿੰਘ, ਪ੍ਰੀਤਮ ਸਿੰਘ ਅਤੇ ਮਨੋਹਰ ਸਿੰਘ ਸਮੇਤ ਕਈ ਹੋਰ ਵਰਕਰਾਂ ਨੇ ਭਾਗ ਲਿਆ ਅਤੇ ਮੀਟਿੰਗ ਨੂੰ ਸਫ਼ਲ ਬਣਾਇਆ। ਅੰਤ ਵਿਚ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਇਹ ਸੰਕਲਪ ਲਿਆ ਕਿ ਉਹ ਇਕਜੁੱਟ ਹੋ ਕੇ ਅਕਾਲੀ ਦਲ (ਅ) ਨੂੰ ਮਜ਼ਬੂਤ ਕਰਨਗੇ ਅਤੇ ਪੰਜਾਬ ਦੇ ਭਲੇ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣਗੇ ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਸੂਬੇ ਦੀ ਤਸਵੀਰ ਬਦਲੀ ਜਾ ਸਕੇ।