ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ
ਮੋਗਾ ਵਿਖੇ ਕੇਂਦਰੀ ਗ੍ਰਹਿ ਮੰਤਰੀ
Publish Date: Sun, 15 Mar 2026 04:34 PM (IST)
Updated Date: Mon, 16 Mar 2026 04:04 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੋਗਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਭਾਜਪਾ ਵੱਲੋਂ ਕਰਵਾਈ ਗਈ ਬਦਲਾਵ ਰੈਲੀ ਦੌਰਾਨ ਕੌਮੀ ਇਨਸਾਫ ਮੋਰਚਾ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਕੇਂਦਰ ਸਰਕਾਰ ਖਿਲਾਫ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਸਿੱਖ ਪੰਥ ਨਾਲ ਜੁੜੇ ਮਸਲਿਆਂ ਅਤੇ ਕਿਸਾਨੀ ਮੰਗਾਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਕੌਮੀ ਇਨਸਾਫ ਮੋਰਚਾ ਦੇ ਤਾਲਮੇਲ ਕਮੇਟੀ ਮੈਂਬਰਾਂ ਵਿੱਚੋਂ ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ ਪਿਆਰੇਆਣਾ ਅਤੇ ਸੁੱਖ ਗਿੱਲ (ਸੂਬਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਤੋਤੇਵਾਲ) ਖਾਸ ਤੌਰ ‘ਤੇ ਮੌਜੂਦ ਰਹੇ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਪੰਥ ਨਾਲ ਜੁੜੇ ਮਾਮਲਿਆਂ ਅਤੇ ਕਿਸਾਨੀ ਮੰਗਾਂ ਨੂੰ ਲੰਮੇ ਸਮੇਂ ਤੋਂ ਅਣਡਿੱਠਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਗਹਿਰਾ ਰੋਸ ਪੈਦਾ ਹੋ ਰਿਹਾ ਹੈ। ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਵਿਚ ਬੀਕੇਯੂ ਖੋਸਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ, ਕ੍ਰਾਂਤੀਕਾਰੀ ਜਥੇਬੰਦੀ ਦੇ ਕਸ਼ਮੀਰ ਸਿੰਘ ਭੇਖਾ, ਭਾਈ ਹਕੂਮਤ ਸਿੰਘ ਹਠੀਲਪੁਰ, ਫਤਿਹ ਸਿੰਘ ਕੋਟ ਕਰੋੜ, ਕੁਲਦੀਪ ਸਿੰਘ ਖੁਖਰਾਣਾ, ਕੁਲਜੀਤ ਸਿੰਘ ਭੋਲਾ ਅਤੇ ਅਮਰਦੀਪ ਸਿੰਘ ਢਿੱਲੋਂ ਬੀਕੇਯੂ ਤੋਤੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਤੁਰੰਤ ਰਿਹਾ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜਦ ਤੱਕ ਕਿਸਾਨੀ ਅਤੇ ਸਿੱਖ ਪੰਥ ਨਾਲ ਜੁੜੇ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਵੇਂ ਭਾਜਪਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਮੋਗਾ ਤੋਂ ਬਦਲਾਵ ਰੈਲੀ ਦੀ ਸ਼ੁਰੂਆਤ ਕੀਤੀ ਹੈ, ਪਰ ਜਦ ਤੱਕ ਕੇਂਦਰ ਸਰਕਾਰ ਪੰਜਾਬ ਦੇ ਮਸਲੇ ਹੱਲ ਨਹੀਂ ਕਰਦੀ, ਉਦੋਂ ਤੱਕ ਪੰਜਾਬ ਵਿੱਚ ਭਾਜਪਾ ਨੂੰ ਪੈਰ ਨਹੀਂ ਜਮਾਉਣ ਦਿੱਤੇ ਜਾਣਗੇ। ਇਸ ਮੌਕੇ ਸੁਖਦੇਵ ਸਿੰਘ ਗੜਦੀਵਾਲਾ, ਮਲਕੀਤ ਸਿੰਘ ਸ਼ਾਹਕੋਟ, ਗੁਰਚਰਨ ਸਿੰਘ ਢਿੱਲੋਂ, ਗੁਰਨਾਮ ਸਿੰਘ ਅਬੋਹਰ, ਤਰਨਜੀਤ ਸਿੰਘ ਗਿੱਲ ਕਰਮੂੰਵਾਲਾ, ਕੁਲਜੀਤ ਸਿੰਘ ਰੌਂਤਾ, ਦਲਜੀਤ ਸਿੰਘ ਸਰਪੰਚ, ਪ੍ਰਦੀਪ ਪ੍ਰਧਾਨ ਮੁਦਕੀ, ਲੀਡਰ ਨੰਬਰਦਾਰ, ਰਣਜੀਤ ਸਿੰਘ ਚੱਕਤਾਰੇ ਵਾਲਾ, ਸੁਖਮਨ ਹਰਾਜ, ਚੰਦਨਦੀਪ ਸਿੰਘ ਰੌਂਤਾ, ਗੁਰਚਰਨ ਸਿੰਘ ਨੰਬਰਦਾਰ ਰਸੂਲਪੁਰ, ਸਾਬ ਸਿੰਘ, ਸਤਨਾਮ ਸਿੰਘ, ਬੋਹੜ ਸਿੰਘ, ਹੈਰੀ ਗਿੱਲ, ਦਾਊਦ ਮਸੀਹ, ਰੋਹਤਾ ਮਸੀਹ, ਸਰਬਜੀਤ ਸਿੰਘ ਜੀਂਦੜਾ, ਗੁਰਮੇਜ ਸਿੰਘ ਕਰਮੂੰਵਾਲਾ ਅਤੇ ਸੇਵਕ ਸਿੰਘ ਕਰਮੂੰਵਾਲਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਸਮਰਥਕ ਮੌਜੂਦ ਸਨ।