- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁੱਕਰਵਾਰ ਨੂੰ 42 ਡਿਗਰੀ ਤੱਕ ਗਰਮੀ

ਬਿਜਲੀ ਦੇ ਲੰਮੇ ਕੱਟਾਂ ਕਾਰਨ ਕਿਸਾਨ ਪਰੇਸ਼ਾਨ, ਸੰਘਰਸ਼ ਦੀ ਚਿਤਾਵਨੀ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਸ਼ੁੱਕਰਵਾਰ ਨੂੰ 42 ਡਿਗਰੀ ਤੱਕ ਗਰਮੀ ਦਾ ਪਾਰਾ ਪਹੁੰਚ ਗਿਆ, ਤਪਸ ਨਾਲ ਕਿਸਾਨਾਂ ਦੀਆਂ ਫਸਲਾਂ ਸੁੱਕਣ ਲੱਗੀਆਂ ਹਨ ਅਤੇ ਸ਼ਬਜੀਆਂ ਨੂੰ ਗਰਮੀ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਕਿਸਾਨਾਂ ਦਾ ਆਖਣਾ ਹੈ ਕਿ ਬਿਜਲੀ ਵਿਭਾਗ ਇਸ ਵਾਰ ਕਿਸਾਨਾਂ ਦਾ ਸਾਥ ਨਹੀਂ ਦੇ ਰਿਹਾ, ਲੱਗ ਰਹੇ ਲੰਬੇ ਲੰਬੇ ਕੱਟਾਂ ਕਾਰਨ ਜਿੱਥੇ ਆਮ ਲੋਕ ਪਰੇਸ਼ਾਨ ਹਨ ਉੱਥੇ ਇਨ੍ਹਾਂ ਬਿਜਲੀ ਦੇ ਕੱਟਾਂ ਕਾਰਨ ਕਿਸਾਨ ਵੀ ਔਖੇ ਦਿਖਾਈ ਦੇ ਰਹੇ ਹਨ। ਪੇਂਡੂ ਬਿਜਲੀ ਦੇ ਲੱਗ ਰਹੇ ਅੱਠ ਤੋਂ ਨੌ ਘੰਟਿਆਂ ਦੇ ਲੰਬੇ ਕੱਟਾਂ ਨੇ ਆਮ ਲੋਕਾਂ ਨੂੰ ਮੁਸੀਬਤ ਸਹੇੜ ਦਿੱਤੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਕਰਨ ਸਿੰਘ ਵੈਰੋਕੇ ਨੇ ਜਥੇਬੰਦੀ ਦੇ ਸੀਨੀਅਰ ਆਗੂਆਂ ਨਾਲ ਬਾਘਾਪੁਰਾਣਾ ਵਿਖੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਉਂਦੇ ਦਿਨਾਂ ਵਿਚ ਪੇਂਡੂ ਅਤੇ ਖੇ਼ਤਰੀ ਬਿਜਲੀ ਵਿਚ ਸੁਧਾਰ ਨਾ ਕੀਤਾ ਅਤੇ ਲੰਬੇ ਲੰਬੇ ਲੱਗ ਕੱਟ ਬੰਦ ਨਾ ਹੋਏ ਤਾਂ ਮਜ਼ਬੂਰਨ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ਿਲ੍ਹੇ ਭਰ ਵਿਚ ਬਿਜਲੀ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਜਿਮੇਵਾਰੀ ਖੁਦ ਬਿਜਲੀ ਵਿਭਾਗ ਦੀ ਹੋਵੇਗੀ। ਇਸ ਮੌਕੇ ਚਮਕੌਰ ਸਿੰਘ ਰੋਡੇ, ਬੂਟਾ ਸਿੰਘ ਰਾਜੇਆਣਾ, ਸਰਬਜੀਤ ਸਿੰਘ ਲੰਗੇਆਣਾ, ਕੁਲਵੰਤ ਸਿੰਘ ਰਾਜੇਆਣਾ, ਕਰਮਜੀਤ ਸਿੰਘ ਛੋਟਾ ਘਰ ਆਦਿ ਕਿਸਾਨਾਂ ਨੇ ਕਿਹਾ ਕਿ ਜੇਕਰ ਖੇਤਰੀ ਬਿਜਲੀ ਦੇ ਨਾਲ ਪੇਂਡੂ ਬਿਜਲੀ ਸਪਲਾਈ ਨਾ ਆਈ ਤਾਂ ਧਰਨੇ ਲਗਾਉਣ ਲਈ ਮਜ਼ਬੂਰ ਹੋਵਾਂਗੇ। ਕਿਸਾਨ ਆਗੂ ਬੇਅੰਤ ਸਿੰਘ ਮੱਲੇਆਣਾ, ਪ੍ਰਿਤਪਾਲ ਸਿੰਘ ਸਮੇਤ ਦਰਜਨਾਂ ਕਿਸਾਨਾਂ ਨੇ ਦੱਸਿਆ ਕਿ ਗਰਮੀ ਦੇ ਪ੍ਰਕੋਪ ਨਾਲ ਸ਼ਬਜੀਆਂ ਅਤੇ ਮੂੰਗੀ ਦੀਆਂ ਫਸਲਾਂ ਕਾਫੀ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਸੁੱਕਣ ਦੇ ਕਿਨਾਰੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਵਿਭਾਗ ਵੱਲੋਂ ਖੇਤਰੀ ਬਿਜਲੀ ਮਹਿਜ 2 ਕੁ ਘੰਟੇ ਦਿੱਤੀ ਜਾ ਰਹੀ ਹੈ ਉਹ ਵੀ ਕੱਟ ਲਗਾ ਕਿ, ਜਿਸ ਨਾਲ ਖੇਤਾਂ ਵਿਚ ਆਲੁਆਂ ਦੀ ਪਟਾਈ ਤੋਂ ਲਗਾਈ ਮੂੰਗੀ ਅਤੇ ਮੱਕੀ ਦੀ ਫਸਲ ਸੁੱਕਣ ਦੀ ਕਗਾਰ ਦੇ ਹੈ। ਉਕਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਕੋਸਦਿਆਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਦੀ ਮਿਹਨਤ ਬੇਕਾਰ ਜਾਵੇਗੀ। ਕਿਸਾਨਾਂ ਨੇ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਕਿ ਪੇਂਡੂ ਇਲਾਕੇ ਦੇ ਨਾਲ ਨਾਲ ਖੇਤਰੀ ਬਿਜਲੀ ਵੀ ਅੱਠ ਘੰਟੇ ਨਿਰਵਿਘਨ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣੀਆਂ ਸੁੱਕ ਰਹੀਆਂ ਫਸਲਾਂ ਨੂੰ ਬਚਾਅ ਸਕਣ। ਪਿੰਡਾਂ ਵਿਚ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟਾਂ ਤੋਂ ਪਰੇਸ਼ਾਨ ਭਾਰਤੀ ਕਿਸਾਨ ਯੂਨੀਆਂ ਲੱਖੋਵਾਲ ਦੇ ਸੂਬਾ ਆਗੂ ਜਰਨੈਲ ਸਿੰਘ ਤਖਾਣਵੱਧ, ਸਤਿੰਦਰਪਾਲ ਸਿੰਘ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਅਤੇ ਜਸਵੀਰ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਬੱਧਨੀ ਕਲਾਂ ਆਦਿ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਲਹਿਜੇ ਵਿਚ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਪੇਂਡੂ ਖੇਤਰ ਵਿਚ ਲੱਗ ਰਹੇ ਲੰਬੇ ਲੰਬੇ ਬਿਜਲੀ ਦੇ ਕੱਟਾਂ ਤੋਂ ਲੋਕਾਂ ਨੂੰ ਰਾਹਤ ਨਾ ਦਿੱਤੀ ਤਾਂ ਅਗਲੇ ਦਿਨਾਂ ਵਿਚ ਬਿਜਲੀ ਘਰਾਂ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕਰੇਗੀ ਜਥੇਬੰਦੀ।