- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੇ ਪਿੰਡ ਧੱਲੇਕੇ ਵਿਖੇ ਸਥਿਤ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਦੇ ਪਿੰਡ ਧੱਲੇਕੇ ਵਿਖੇ ਸਥਿਤ ਕੂੜੇ ਦੇ ਡੰਪ ਵਿਚ ਲੱਗੀ ਭਿਆਨਕ ਅੱਗ ਨੇ ਪੂਰੇ ਇਲਾਕੇ ਵਿਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸੋਮਵਾਰ ਦੇਰ ਸ਼ਾਮ ਭੜਕੀ ਇਹ ਅੱਗ ਕਰੀਬ 48 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੂਰੀ ਤਰ੍ਹਾਂ ਕਾਬੂ ਵਿਚ ਨਹੀਂ ਆ ਸਕੀ। ਅੱਗ ਦੀ ਤੀਬਰਤਾ ਅਤੇ ਡੰਪ ਵਿਚ ਪਏ ਕੂੜੇ ਦੇ ਵੱਡੇ ਭੰਡਾਰ ਕਾਰਨ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਅੱਗ ਬੁਝਾਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਜਾਣਕਾਰੀ ਮੁਤਾਬਿਕ ਹੁਣ ਤੱਕ ਹਰ ਰੋਜ਼ 17 ਤੋਂ 18 ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਲਗਾਤਾਰ ਪਾਣੀ ਦੀਆਂ ਬੌਛਾਰਾਂ ਕਰਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਰ ਵੀ ਕੂੜੇ ਦੇ ਵਿਸ਼ਾਲ ਢੇਰ ਵਿਚ ਅੰਦਰੂਨੀ ਤੌਰ ’ਤੇ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣਾ ਚੁਣੌਤੀਪੂਰਨ ਬਣਿਆ ਹੋਇਆ ਹੈ। ਇਸ ਮੌਕੇ ਸ਼ੈਲਰ ਮਾਲਕ ਸੰਜੀਵ ਮੰਗਲਾ ਨੇ ਦੱਸਿਆ ਕਿ ਡੰਪ ਵਿਚ ਲੱਗੀ ਅੱਗ ਹੌਲੀ-ਹੌਲੀ ਫੈਲਦੀ ਹੋਈ ਭਿਆਨਕ ਰੂਪ ਧਾਰਨ ਕਰ ਗਈ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਪੂਰੀ ਰਾਤ ਅਤੇ ਅਗਲੇ ਦਿਨ ਵੀ ਅੱਗ ਬੁਝਾਉਣ ਲਈ ਜੱਦੋ-ਜਹਿਦ ਕਰਦੇ ਰਹੇ ਪਰ ਹਾਲੇ ਤੱਕ ਇਸ ਨੂੰ ਪੂਰੀ ਤਰ੍ਹਾਂ ਕਾਬੂ ਨਹੀਂ ਕੀਤਾ ਜਾ ਸਕਿਆ। ਹਾਲਾਂਕਿ ਪਹਿਲਾਂ ਨਾਲੋਂ ਸਥਿਤੀ ਵਿਚ ਕੁੱਝ ਸੁਧਾਰ ਜ਼ਰੂਰ ਆਇਆ ਹੈ ਅਤੇ ਅੱਗ ’ਤੇ ਅੰਸ਼ਿਕ ਤੌਰ ’ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡੰਪ ਵਿਚੋਂ ਉੱਠ ਰਿਹਾ ਕਾਲਾ ਅਤੇ ਜ਼ਹਿਰੀਲਾ ਧੂੰਆਂ ਇਲਾਕੇ ਦੇ ਲੋਕਾਂ ਲਈ ਵੱਡਾ ਸਿਹਤ ਖ਼ਤਰਾ ਬਣ ਸਕਦਾ ਹੈ। ਧੂੰਏਂ ਕਾਰਨ ਸਾਹ ਲੈਣ ਵਿਚ ਦਿੱਕਤ, ਅੱਖਾਂ ਵਿਚ ਜਲਣ ਅਤੇ ਹੋਰ ਸਿਹਤ ਸਮੱਸਿਆਵਾਂ ਪੈਦਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਨਾਲ ਹੀ ਡੰਪ ਦੇ ਨੇੜੇ ਸਥਿਤ ਸ਼ੈਲਰਾਂ ਅਤੇ ਉਦਯੋਗਿਕ ਇਕਾਈਆਂ ਨੂੰ ਵੀ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਸੀ। ਇਸੇ ਦੌਰਾਨ ਸਥਾਨਕ ਨਿਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਲਗਾਤਾਰ ਧੂੰਆਂ ਨਿਕਲ ਰਿਹਾ ਹੈ, ਜਿਸ ਕਾਰਨ ਆਸ-ਪਾਸ ਦੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡੰਪ ਦੇ ਆਲੇ-ਦੁਆਲੇ ਕਈ ਸ਼ੈਲਰ, ਫੈਕਟਰੀਆਂ ਅਤੇ ਹੋਰ ਵਪਾਰਕ ਇਕਾਈਆਂ ਸਥਿਤ ਹਨ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਮਜ਼ਦੂਰ ਕੰਮ ਕਰਦੇ ਹਨ। ਜੇਕਰ ਅੱਗ ’ਤੇ ਜਲਦੀ ਕਾਬੂ ਨਾ ਪਾਇਆ ਗਿਆ ਤਾਂ ਇਹ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੱਗ ਬੁਝਾਉਣ ਲਈ ਵਾਧੂ ਫਾਇਰ ਬ੍ਰਿਗੇਡ ਗੱਡੀਆਂ, ਪਾਣੀ ਦੇ ਟੈਂਕਰ ਅਤੇ ਹੋਰ ਲੋੜੀਂਦੇ ਸਾਧਨ ਤੁਰੰਤ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਡੰਪ ਵਿਚ ਲੱਗੀ ਅੱਗ ’ਤੇ ਜਲਦ ਤੋਂ ਜਲਦ ਪੂਰੀ ਤਰ੍ਹਾਂ ਕਾਬੂ ਪਾਇਆ ਜਾਣਾ ਚਾਹੀਦਾ ਹੈ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਡਟੀਆਂ ਹੋਈਆਂ ਹਨ ਅਤੇ ਉਨ੍ਹਾਂ ਵੱਲੋਂ ਦਿਨ ਰਾਤ ਵੇਲੇ ਵੀ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ਲਈ ਜੰਗੀ ਪੱਧਰ ’ਤੇ ਯਤਨ ਜਾਰੀ ਹਨ। ਪ੍ਰਸ਼ਾਸਨ ਵੱਲੋਂ ਵੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਇਸ ਸਬੰਧੀ ਫਾਇਰ ਬ੍ਰਿਗੇਡ ਅਫ਼ਸਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਡੰਪ ਦੇ ਅੰਦਰੂਨੀ ਹਿੱਸੇ ਵਿਚ ਭਾਰੀ ਦਲਦਲ ਬਣ ਜਾਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਦੇ ਕੇਂਦਰ ਤੱਕ ਲਿਜਾਣਾ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਗੱਡੀਆਂ ਨੂੰ ਅੰਦਰ ਲਿਜਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਦਲਦਲ ਵਿਚ ਫਸਣ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ਕਾਰਨ ਅੱਗ ਬੁਝਾਉਣ ਦੇ ਕੰਮ ਵਿਚ ਹੋਰ ਵੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਡੰਪ ਦੇ ਚਾਰੋਂ ਪਾਸਿਆਂ ’ਤੇ ਤਾਇਨਾਤ ਕੀਤਾ ਗਿਆ ਹੈ ਅਤੇ ਉੱਥੋਂ ਹੀ ਲਗਾਤਾਰ ਪਾਣੀ ਦੀਆਂ ਬੌਛਾਰਾਂ ਕਰਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਾਇਰ ਕਰਮਚਾਰੀ ਜੰਗੀ ਪੱਧਰ ’ਤੇ ਕੰਮ ਕਰ ਰਹੇ ਹਨ ਅਤੇ ਚਾਰੋਂ ਪਾਸਿਆਂ ਤੋਂ ਅੱਗ ਨੂੰ ਘੇਰ ਕੇ ਬੁਝਾਇਆ ਜਾ ਰਿਹਾ ਹੈ ਤਾਂ ਜੋ ਅੱਗ ਹੋਰ ਇਲਾਕਿਆਂ ਵਿਚ ਨਾ ਫੈਲੇ ਅਤੇ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ। ਅਰਵਿੰਦਰ ਸਿੰਘ ਨੇ ਕਿਹਾ ਕਿ ਡੰਪ ਵਿਚ ਕੂੜੇ ਦੇ ਵੱਡੇ ਢੇਰ ਅਤੇ ਅੰਦਰੋਂ ਧਧਕ ਰਹੀ ਅੱਗ ਕਾਰਨ ਕਾਰਵਾਈ ਕਾਫ਼ੀ ਚੁਣੌਤੀਪੂਰਨ ਬਣੀ ਹੋਈ ਹੈ ਪਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਪੂਰੀ ਤਰ੍ਹਾਂ ਦਿਨ ਰਾਤ ਮੁਸਤੈਦੀ ਨਾਲ ਮੌਕੇ ’ਤੇ ਡਟੀਆਂ ਹੋਈਆਂ ਹਨ ਕਿਉਂਕਿ ਰਾਤ ਵੇਲੇ ਵੀ ਅਤੇ ਦਿਨ ਵੇਲੇ ਵੀ ਉਨ੍ਹਾਂ ਦੇ ਮੁਲਾਜ਼ਮ ਗੱਡੀਆਂ ਨਾਲ ਅੱਗ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਪਾਣੀ ਦੀ ਗੱਡੀਆਂ ਭਰ ਕੇ ਉੱਥੇ ਖੜ੍ਹਾਈਆਂ ਗਈਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਤੱਕ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਰਹਿਣਗੇ ਅਤੇ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਆਸ-ਪਾਸ ਸਥਿਤ ਸ਼ੈਲਰਾਂ, ਫੈਕਟਰੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ।