- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਲਾਕੇ ਦੀ ਨਾਮੀ ਸਾਹਿਤਕ ਸੰਸਥਾ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਇਲਾਕੇ ਦੀ ਨਾਮੀ ਸਾਹਿਤਕ ਸੰਸਥਾ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ (ਰਜਿ:) ਦੁਆਰਾ ਗ਼ਜ਼ਲਗੋ ਗੁਰਦੀਪ ਲੋਪੋਂ ਦਾ ਰੂ ਬ ਰੂ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਨਾਮੀ ਸਾਹਿਤਕ ਹਸਤੀਆਂ ਮੌਜੂਦ ਸਨ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਗਦੀਸ਼ ਕਮਲ ਨੇ ਸੰਭਾਲੀ ਅਤੇ ਡਾ. ਸੁਰਜੀਤ ਬਰਾੜ, ਡਾ. ਸੁਰਜੀਤ ਦੌਧਰ, ਗੁਰਮੇਲ ਬੌਡੇ, ਗੁਰਦੀਪ ਲੋਪੋਂ ਅਤੇ ਪ੍ਰਗਟ ਸਮਾਧ ਭਾਈ ਨੂੰ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਣ ਲਈ ਸੱਦਾ ਦਿੱਤਾ ਗਿਆ। ਸਮਾਗਮ ਸਬੰਧੀ ਰਸਮੀ ਜਾਣਕਾਰੀ ਦੇਣ ਮਗਰੋਂ ਮੇਘ ਸਿੰਘ ਲੋਪੋਂ ਨੂੰ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਗੁਰਦੀਪ ਲੋਪੋਂ ਦੀ ਸ਼ਖ਼ਸੀਅਤ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਪਰੰਤ ਕਮਲ ਨੇ ਗੁਰਦੀਪ ਲੋਪੋਂ ਨੂੰ ਮੰਚ ਤੇ ਆਉਣ ਦਾ ਅਤੇ ਆਪਣੀ ਜ਼ਿੰਦਗੀ ਦੇ ਕੌੜੇ ਮਿੱਠੇ ਤਜ਼ਰਬੇ ਸਾਂਝੇ ਕਰਨ ਦਾ ਸੱਦਾ ਦਿੱਤਾ। ਲੋਪੋਂ ਨੇ ਬੜੇ ਠਰੰਮੇ ਭਰੇ ਅੰਦਾਜ਼ ਨਾਲ ਆਪਣੀ ਗੱਲ ਸ਼ੁਰੂ ਕੀਤੀ ਅਤੇ ਸਹਿਜਤਾ ਨਾਲ ਲਬਰੇਜ਼ ਸ਼ਬਦਾਂ ਦੁਆਰਾ ਆਪਣੇ ਜਨਮ, ਬਚਪਨ, ਪੜ੍ਹਾਈ ਅਤੇ ਆਪਣੇ ਸਾਹਿਤਕ ਸਫ਼ਰ ਬਾਰੇ ਵਿਸਥਾਰ ਨਾਲ਼ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਾਠਕਾਂ ਦਾ ਪਿਆਰ ਹੀ ਉਸ ਦਾ ਸਭ ਤੋਂ ਵੱਡਾ ਸਰਮਾਇਆ ਹੈ। ਸਵਾਲ ਜਵਾਬ ਸੈਸ਼ਨ ਵਿੱਚ ਹਰਵਿੰਦਰ ਬਿਲਾਸਪੁਰ ਅਤੇ ਸੁਰਜੀਤ ਬਰਾੜ ਨੇ ਲੋਪੋਂ ਨੂੰ ਸਵਾਲ ਪੁੱਛੇ, ਜਿਨ੍ਹਾਂ ਦਾ ਜਵਾਬ ਲੋਪੋਂ ਨੇ ਤਸੱਲੀਬਖ਼ਸ਼ ਢੰਗ ਨਾਲ ਦਿੱਤਾ। ਡਾ. ਸੁਰਜੀਤ ਦੌਧਰ ਨੇ ਲੋਪੋਂ ਨੂੰ ਸੂਖ਼ਮਭਾਵੀ ਅਤੇ ਸਮਾਜਿਕ ਸਰੋਕਾਰਾਂ ਨੂੰ ਪ੍ਰਣਾਇਆ ਹੋਇਆ ਲੇਖਕ ਦੱਸਿਆ। ਗੁਰਮੇਲ ਬੌਡੇ ਨੇ ਕਿਹਾ ਕਿ ਹੁਣ ਲੋਪੋਂ ਨੂੰ ਹੋਰ ਤਕੜੇ ਹੋ ਕੇ ਸਾਹਿਤਕ ਜ਼ਿੰਮੇਂਵਾਰੀ ਨਿਭਾਉਣੀ ਪਵੇਗੀ। ਡਾ. ਸੁਰਜੀਤ ਬਰਾੜ ਨੇ ਕਿਹਾ ਕਿ ਗੁਰਦੀਪ ਲੋਪੋਂ ਨੇ ਗ਼ਜ਼ਲ ਵਰਗੀ ਔਖੀ ਵਿਧਾ ਚੁਣੀ ਹੈ ਤੇ ਇਸ ਨੂੰ ਬਾਖ਼ੂਬੀ ਨਿਭਾਅ ਵੀ ਰਿਹਾ ਹੈ ਅਤੇ ਗੁਰਦੀਪ ਲੋਪੋਂ ਵਿਚ ਅੱਗੇ ਵਧਣ ਦੀਆਂ ਬਹੁਤ ਸੰਭਾਵਨਾਵਾਂ ਹਨ। ਚਰਨਜੀਤ ਸਮਾਲਸਰ ਨੇ ਲੋਪੋਂ ਦੀ ਸ਼ਖ਼ਸੀਅਤ ਬਾਰੇ ਬੋਲਦਿਆਂ ਕਿਹਾ ਕਿ ਉਸ ਵਰਗਾ ਨਰਮ ਦਿਲ, ਸਾਫ਼ ਦਿਲ ਅਤੇ ਸਭ ਨੂੰ ਪਿਆਰ ਕਰਨ ਵਾਲਾ ਸ਼ਖ਼ਸ ਕੋਈ ਵਿਰਲਾ ਹੀ ਹੁੰਦਾ ਹੈ। ਧਾਮੀ ਗਿੱਲ ਨੇ ਕਿਹਾ ਕਿ ਜਿਸ ਤਰ੍ਹਾਂ ਅੰਗਰੇਜ਼ੀ ਦੇ ਕਾਇਦੇ ਵਿੱਚ ਕਿਸੇ ਚੀਜ ਦਾ ਨਾਮ ਲਿਖ ਕੇ ਉਸਦੇ ਅੱਗੇ ਉਸ ਚੀਜ ਦੀ ਫੋਟੋ ਵਾਹੀ ਹੁੰਦੀ ਹੈ, ਜੈਂਟਲਮੈਨ ਸ਼ਬਦ ਅੱਗੇ ਗੁਰਦੀਪ ਲੋਪੋਂ ਦੀ ਫੋਟੋ ਬੇਝਿਕ ਲਗਾਈ ਜਾ ਸਕਦੀ ਹੈ। ਹਰਵਿੰਦਰ ਬਿਲਾਸਪੁਰ ਨੇ ਕਿਹਾ ਕਿ ਲੋਪੋਂ ਉਸਦੇ ਦਿਲ ਦੇ ਇੰਨਾ ਹੀ ਨੇੜੇ ਹੈ ਜਿੰਨਾ ਸਾਹ ਰਗ ਦੇ ਨੇੜੇ ਵਗਦੇ ਸਾਹ ਹੁੰਦੇ ਹਨ। ਇਸ ਮਗਰੋਂ ਮੰਚ ਦੁਆਰਾ ਗੁਰਦੀਪ ਲੋਪੋਂ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿਚ ਹਾਜ਼ਰ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਸੁਚੱਜੇ ਢੰਗ ਨਾਲ ਸੁਣਾਈਆਂ ਜਿੰਨ੍ਹਾਂ ਵਿਚ ਪ੍ਰਸ਼ੋਤਮ ਪੱਤੋ, ਜਸਵੰਤ ਰਾਊਕੇ, ਸੁਖਦੇਵ ਲੱਧੜ, ਰਾਜਪਾਲ ਪੱਤੋ, ਬੇਲੀ ਬਲਕਰਨ, ਗੁਰਮੇਲ ਬੌਡੇ, ਸ਼ੁਭਦੀਪ ਸ਼ੁਭ, ਹੰਸ ਸਿੰਘ ਸੋਹੀ ਭਗਤਾ, ਗੁਰਮਾਨ ਸਿੰਘ, ਚਰਨਜੀਤ ਸਮਾਲਸਰ, ਧਾਮੀ ਗਿੱਲ, ਪ੍ਰਗਟ ਸਿੰਘ ਸਮਾਧ ਭਾਈ, ਹਰਵਿੰਦਰ ਬਿਲਾਸਪੁਰ, ਗੁਰਬਚਨ ਕਮਲ, ਬਿੰਦਰ ਬਾਵਾ ਸ਼ਾਮਿਲ ਸਨ। ਇਸ ਮੌਕੇ ਯਾਦਵਿੰਦਰ ਸਿੰਘ, ਕਹਾਣੀਕਾਰ ਅਮਰੀਕ ਸੈਦੋਕੇ, ਪ੍ਰਕਾਸ਼ ਸਿੰਘ ਸਮਾਧ ਭਾਈ, ਅਮਨਦੀਪ ਬਿਲਾਸਪੁਰ, ਦਵਿੰਦਰ ਸਿੰਘ ਦੀਨਾ, ਲਖਵੀਰ ਸਿੰਘ, ਨਿਮਰਤ ਸੁਖ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਆਖਿਰ ਵਿਚ ਮੰਚ ਦੇ ਪ੍ਰਧਾਨ ਪ੍ਰਗਟ ਸਿੰਘ ਸਮਾਧ ਭਾਈ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ।