ਦੌਲੇਵਾਲਾ ਮਾਇਰ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਸ਼ੁਰੂ
ਗੁਰਦੁਆਰਾ ਬਾਬਾ ਤੁਲਸੀ ਦਾਸ
Publish Date: Sat, 28 Mar 2026 04:15 PM (IST)
Updated Date: Sun, 29 Mar 2026 04:03 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ : ਗੁਰਦੁਆਰਾ ਬਾਬਾ ਤੁਲਸੀ ਦਾਸ ਜੀ ਝੁੱਗੀ ਦੇ ਤਪ ਅਸਥਾਨ ਦੌਲੇਵਾਲਾ ਮਾਇਰ ਵਿਖੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਇਲਾਕਾ ਨਿਵਾਸੀਆਂ ਅਤੇ ਨਗਰ ਦੀ ਸੰਗਤ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ। ਇਸ ਪਵਿੱਤਰ ਸਰੋਵਰ ਦੀ ਸੇਵਾ ਬੀਡੀਪੀਓ ਮੇਜਰ ਸਿੰਘ ਕੋਟ ਈਸੇ ਖਾਂ ਦੀ ਦੇਖ ਰੇਖ ਹੇਠ ਅਰੰਭ ਕਰਵਾਈ ਗਈ, ਜਿਨ੍ਹਾਂ ਨੇ ਸੰਗਤ ਨੂੰ ਇਸ ਮਹਾਨ ਉਪਰਾਲੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਆਪਣੇ ਹੱਥੀਂ ਸੇਵਾ ਕਰਦੇ ਹੋਏ ਧਾਰਮਿਕ ਜੋਸ਼ ਦਾ ਪ੍ਰਗਟਾਵਾ ਕੀਤਾ। ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਈ ਸੰਗਤਾਂ ਵੱਲੋਂ ਮਿੱਟੀ ਕੱਢਣ, ਸਫਾਈ ਕਰਨ ਅਤੇ ਹੋਰ ਲੋੜੀਂਦੇ ਕੰਮਾਂ ਵਿਚ ਭਾਗ ਲਿਆ ਜਾ ਰਿਹਾ ਹੈ। ਇਹ ਅਸਥਾਨ ਤੇ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲੇ ਨੇ ਕੱਖਾਂ ਦੀ ਝੁੱਗੀ ਪਾ ਕੇ ਤਪਸਿਆ ਕੀਤੀ ਸੀ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਇਸ ਪਵਿੱਤਰ ਧਰਤੀ ਨਾਲ ਜੁੜੀਆਂ ਯਾਦਾਂ ਅਤੇ ਆਤਮਿਕ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਸਰੋਵਰ ਦੀ ਸੇਵਾ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾ ਰਹੀ ਹੈ। ਇਸ ਮੌਕੇ ਸੇਵਾਦਾਰ ਭਾਈ ਗੱਜਨ ਸਿੰਘ, ਕੁਲਵਿੰਦਰ ਸਿੰਘ, ਹੈਡ ਗ੍ੰਥੀ ਬਾਬਾ ਜਗਤਾਰ ਸਿੰਘ, ਡਾ ਬਾਜ ਸਿੰਘ, ਸਰਪੰਚ ਇਕਬਾਲ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਫੰਗੂ, ਮੈਂਬਰ ਗੁਰਪ੍ਰੀਤ ਸਿੰਘ, ਬਾਬਾ ਲੱਖੀ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਹਰ ਵਿਅਕਤੀ ਇਸ ਪਵਿੱਤਰ ਕਾਰ ਸੇਵਾ ਵਿਚ ਆਪਣਾ ਯੋਗਦਾਨ ਪਾਵੇ ਤਾਂ ਜੋ ਸਰੋਵਰ ਦੀ ਸੁੰਦਰਤਾ ਅਤੇ ਪਵਿੱਤਰਤਾ ਨੂੰ ਬਣਾਈ ਰੱਖਿਆ ਜਾ ਸਕੇ।