ਗ਼ਲਤ ਪਾਸੇ ਆ ਰਹੇ ਟਰੱਕ ਦਾ ਕਹਿਰ, ਇਕ ਪਲ ’ਚ ਉਜਾੜਿਆ ਘਰ
ਲੁਧਿਆਣਾ ਫਿਰੋਜਪੁਰ ਮੁੱਖ ਮਾਰਗ
Publish Date: Fri, 24 Apr 2026 06:32 PM (IST)
Updated Date: Sat, 25 Apr 2026 04:10 AM (IST)

* ਮਾਤਾ-ਪਿਤਾ ਦੀ ਮੌਤ, ਗੰਭੀਰ ਜ਼ਖ਼ਮੀ ਬੱਚਾ ਹਸਪਤਾਲ ’ਚ ਜ਼ੇਰੇ ਇਲਾਜ ਕੈਪਸ਼ਨ : ਮ੍ਰਿਤਕ ਭਵਜੀਤ ਸਿੰਘ ਤੇ ਪਰਮਜੀਤ ਕੌਰ ਦੀ ਫਾਈਲ ਫੋਟੋ। ਅਵਤਾਰ ਸਿੰਘ, ਪੰਜਾਬੀ ਜਾਗਰਣ ਅਜੀਤਵਾਲ : ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਰਾਤ ਸਮੇਂ ਗਲਤ ਦਿਸ਼ਾ ’ਚ ਆ ਰਹੇ ਤੇਜ਼ ਰਫ਼ਤਾਰ ਟਰੱਕ ਤੇ ਮੋਟਰਸਾਈਕਲ ਵਿਚਾਲੇ ਹੋਏ ਭਿਆਨਕ ਹਾਦਸੇ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਤੇ ਉਨ੍ਹਾਂ ਦਾ ਲੜਕਾ, ਜੋ ਕਿ ਗੰਭੀਰ ਜ਼ਖ਼ਮੀ ਹੋ ਗਿਆ, ਹਸਪਤਾਲ ’ਚ ਦਾਖ਼ਲ ਹੈ। ਜਦਕਿ ਗ਼ਲਤ ਦਿਸ਼ਾ ’ਚ ਆ ਰਿਹਾ ਟਰੱਕ ਤਾਂ ਮੌਕੇ ਤੋਂ ਟੱਕਰ ਮਾਰ ਕੇ ਫ਼ਰਾਰ ਹੋ ਗਿਆ ਸੀ, ਪਰ ਉੱਥੋ ਲੰਘ ਰਹੇ ਰਾਹਗੀਰ ਨੌਜਵਾਨਾਂ ਵੱਲੋਂ ਸ਼ੋਸ਼ਲ ਮੀਡੀਆਂ ’ਤੇ ਵੀਡੀਓ ਪਾ ਕੇ ਜ਼ਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਸੀ। ਜਦ ਇਸ ਸਬੰਧੀ ਥਾਣਾ ਅਜੀਤਵਾਲ ਦੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗੁੱਜਰਾਵਾਲ ਦਾ ਵਸਨੀਕ ਪਰਿਵਾਰ, ਜੋ ਮੋਗਾ ਵੱਲ ਨੂੰ ਜਾ ਰਿਹਾ ਸੀ ਤਾਂ ਅਜੀਤਵਾਲ ਵਿਖੇ ਇਕ ਢਾਬੇ ਨੇੜੇ ਉਨ੍ਹਾਂ ਨੂੰ ਗ਼ਲਤ ਦਿਸ਼ਾ ’ਚ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਪਰ ਉਸ ਤੋਂ ਪਹਿਲਾਂ ਹੀ ਪਰਮਜੀਤ ਕੌਰ ਦੀ ਮੌਤ ਹੋ ਗਈ ਸੀ, ਜਦਕਿ ਉਸ ਦੇ ਪਤੀ ਭਵਜੀਤ ਸਿੰਘ ਨੇ ਹਸਪਤਾਲ ’ਚ ਦਮ ਤੋੜ ਦਿੱਤਾ ਸੀ। ਉਨ੍ਹਾਂ ਦਾ 6 ਸਾਲ ਦਾ ਬੱਚਾ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਨਾਲ ਜੰਗ ਲੜ ਰਿਹਾ ਹੈ। ਉਨ੍ਹਾਂ ਕਿਹਾ ਮ੍ਰਿਤਕ ਦੇ ਰਿਸ਼ਤੇਦਾਰ ਸਰਬਜੀਤ ਸਿੰਘ ਵਾਸੀ ਚੰਦਪੁਰਾਣਾ ਦੇ ਬਿਆਨਾਂ ’ਤੇ ਥਾਣਾ ਅਜੀਤਵਾਲ ਵਿਖੇ ਮੁਕੱਦਮਾ ਦਰਜ ਕਰਨ ਉਪਰੰਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਲਾਪਰਵਾਹੀ ਕਰਨ ਵਾਲੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਜਾਵੇਗਾ।