- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਪੈ ਰਹੀ ਅੱਤ ਦੀ ਗਰਮੀ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ’ਚ ਪੈ ਰਹੀ ਅੱਤ ਦੀ ਗਰਮੀ ਨੇ ਆਮ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਵੱਧ ਰਹੇ ਤਾਪਮਾਨ ਅਤੇ ਤਿੱਖੀਆਂ ਗਰਮ ਹਵਾਵਾਂ ਕਾਰਨ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਸੋਮਵਾਰ ਨੂੰ ਸਵੇਰੇ ਤੋਂ ਹੀ ਸੂਰਜ ਦੀਆਂ ਤਿੱਖੀਆਂ ਕਿਰਨਾਂ ਅਤੇ ਲੂ ਵਰਗੀਆਂ ਗਰਮ ਹਵਾਵਾਂ ਨੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ। ਦੁਪਹਿਰ ਦੇ ਸਮੇਂ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਪਹੁੰਚ ਗਿਆ, ਜਿਸ ਕਾਰਨ ਸੜਕਾਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ’ਤੇ ਆਮ ਦਿਨਾਂ ਦੇ ਮੁਕਾਬਲੇ ਬਹੁਤ ਘੱਟ ਚਲਹ-ਪਹਿਲ ਦੇਖਣ ਨੂੰ ਮਿਲੀ। ਗਰਮੀ ਦੇ ਵਧਦੇ ਪ੍ਰਕੋਪ ਕਾਰਨ ਲੋਕ ਜ਼ਰੂਰੀ ਕੰਮਾਂ ਤੋਂ ਇਲਾਵਾ ਘਰਾਂ ਤੋਂ ਬਾਹਰ ਨਿਕਲਣ ਤੋਂ ਬਚ ਰਹੇ ਹਨ। ਸਵੇਰੇ ਅਤੇ ਸ਼ਾਮ ਦੇ ਸਮੇਂ ਕੁੱਝ ਰੌਣਕ ਦੇਖਣ ਨੂੰ ਮਿਲਦੀ ਹੈ ਪਰ ਦੁਪਹਿਰ ਵੇਲੇ ਸ਼ਹਿਰ ਦੀਆਂ ਮੁੱਖ ਸੜਕਾਂ ਸੁੰਨਸਾਨ ਨਜ਼ਰ ਆਉਂਦੀਆਂ ਹਨ। ਵਾਹਨਾਂ ਦੀ ਆਵਾਜਾਈ ਵਿਚ ਵੀ ਕਮੀ ਦੇਖੀ ਜਾ ਰਹੀ ਹੈ। ਗਰਮੀ ਦੇ ਕਾਰਨ ਲੋਕ ਘਰਾਂ ’ਚ ਏਅਰ ਕੂਲਰਾਂ ਅਤੇ ਪੱਖਿਆਂ ਦੇ ਸਹਾਰੇ ਸਮਾਂ ਬਿਤਾਉਣ ਲਈ ਮਜ਼ਬੂਰ ਹਨ। ਅੱਤ ਦੀ ਗਰਮੀ ਦਾ ਸਭ ਤੋਂ ਵੱਡਾ ਅਸਰ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਉੱਤੇ ਪਿਆ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਗਾਹਕਾਂ ਦੀ ਗਿਣਤੀ ਵਿਚ ਭਾਰੀ ਕਮੀ ਆਈ ਹੈ। ਕਈ ਦੁਕਾਨਦਾਰ ਸਾਰਾ ਦਿਨ ਗਾਹਕਾਂ ਦੀ ਉਡੀਕ ਕਰਦੇ ਰਹਿੰਦੇ ਹਨ ਪਰ ਵਿਕਰੀ ਨਾਮਾਤਰ ਹੀ ਹੋ ਰਹੀ ਹੈ। ਦੁਕਾਨਦਾਰ ਰਮੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕਾਰੋਬਾਰ ਬਹੁਤ ਮੰਦਾ ਚੱਲ ਰਿਹਾ ਹੈ। ਲੋਕ ਗਰਮੀ ਕਾਰਨ ਘਰਾਂ ਵਿਚ ਹੀ ਰਹਿਣਾ ਪਸੰਦ ਕਰ ਰਹੇ ਹਨ, ਜਿਸ ਦਾ ਸਿੱਧਾ ਅਸਰ ਦੁਕਾਨਾਂ ਦੀ ਵਿਕਰੀ ਉੱਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਛੋਟੇ ਕਾਰੋਬਾਰੀਆਂ ਲਈ ਇਹ ਸਮਾਂ ਆਰਥਿਕ ਤੌਰ ’ਤੇ ਬਹੁਤ ਮੁਸ਼ਕਲ ਹੈ ਅਤੇ ਸਰਕਾਰ ਨੂੰ ਉਨ੍ਹਾਂ ਲਈ ਵਿਸ਼ੇਸ਼ ਰਾਹਤ ਯੋਜਨਾਵਾਂ ਲਿਆਉਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਗਰਮੀ ਤੋਂ ਰਾਹਤ ਲੈਣ ਲਈ ਲੋਕ ਵੱਡੀ ਗਿਣਤੀ ਵਿਚ ਠੰਢੇ ਪੇਅ ਪਦਾਰਥਾਂ ਦਾ ਸਹਾਰਾ ਲੈ ਰਹੇ ਹਨ। ਦੁਪਹਿਰ ਦੇ ਸਮੇਂ ਨਿੰਬੂ ਪਾਣੀ, ਗੰਨੇ ਦਾ ਰਸ, ਲੱਸੀ, ਸ਼ਰਬਤ, ਤਰਬੂਜ਼ ਜੂਸ, ਮੌਸਮੀ ਜੂਸ ਅਤੇ ਹੋਰ ਫ਼ਲਾਂ ਦੇ ਰਸ ਵਾਲੀਆਂ ਰੇੜ੍ਹੀਆਂ ਉੱਤੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਸਰੀਰ ’ਚ ਪਾਣੀ ਦੀ ਕਮੀ ਤੋਂ ਬਚਣ ਲਈ ਲੋਕ ਵਾਰ-ਵਾਰ ਨਿੰਬੂ ਪਾਣੀ ਅਤੇ ਜੂਸ ਪੀਕੇ ਆਪਣੀ ਪਿਆਸ ਬੁਝਾ ਰਹੇ ਹਨ। ਕਈ ਥਾਵਾਂ ’ਤੇ ਤਾਂ ਜੂਸ ਵਾਲਿਆਂ ਨੂੰ ਗਾਹਕਾਂ ਦੀ ਵਧੀ ਭੀੜ ਕਾਰਨ ਲਗਾਤਾਰ ਕੰਮ ਕਰਨਾ ਪੈ ਰਿਹਾ ਹੈ। ਜੂਸ ਵਿਕਰੇਤਾ ਪ੍ਰੀਤ ਨੇ ਦੱਸਿਆ ਕਿ ਗਰਮੀ ਵਧਣ ਦੇ ਨਾਲ ਹੀ ਨਿੰਬੂ ਪਾਣੀ ਅਤੇ ਫਲਾਂ ਦੇ ਜੂਸ ਦੀ ਮੰਗ ’ਚ ਦੋ ਤੋਂ ਤਿੰਨ ਗੁਣਾ ਵਾਧਾ ਹੋਇਆ ਹੈ। ਲੋਕ ਘਰਾਂ ਤੋਂ ਬਾਹਰ ਨਿਕਲਦੇ ਹੀ ਸਭ ਤੋਂ ਪਹਿਲਾਂ ਠੰਢਕ ਵਾਲੇ ਪੇਅ ਪਦਾਰਥਾਂ ਦੀ ਭਾਲ ਕਰਦੇ ਹਨ। ਖ਼ਾਸ ਕਰਕੇ ਮਜ਼ਦੂਰ ਵਰਗ, ਰਿਕਸ਼ਾ ਚਾਲਕ, ਦਿਹਾੜੀਦਾਰ ਕਾਮੇ ਅਤੇ ਰਾਹਗੀਰ ਗਰਮੀ ਤੋਂ ਰਾਹਤ ਲਈ ਨਿੰਬੂ ਪਾਣੀ ਅਤੇ ਗੰਨੇ ਦੇ ਰਸ ਦਾ ਵੱਧ ਸੇਵਨ ਕਰ ਰਹੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਅੱਤ ਦੀ ਗਰਮੀ ਮਨੁੱਖੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਲੰਬੇ ਸਮੇਂ ਤੱਕ ਧੁੱਪ ’ਚ ਰਹਿਣ ਕਾਰਨ ਹੀਟ ਸਟ੍ਰੋਕ, ਡੀਹਾਈਡ੍ਰੇਸ਼ਨ, ਚੱਕਰ ਆਉਣਾ ਅਤੇ ਬੇਹੋਸ਼ੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਬੇਲੋੜਾ ਘਰੋਂ ਬਾਹਰ ਨਾ ਨਿਕਲਣ। ਇਸ ਦੇ ਨਾਲ ਹੀ ਵੱਧ ਤੋਂ ਵੱਧ ਪਾਣੀ ਪੀਣ, ਤਰਲ ਪਦਾਰਥਾਂ ਦੀ ਵਰਤੋਂ ਕਰਨ, ਹਲਕੇ ਰੰਗਾਂ ਦੇ ਸੂਤੀ ਕੱਪੜੇ ਪਹਿਨਣ ਅਤੇ ਸਿਰ ਨੂੰ ਕੱਪੜੇ ਜਾਂ ਟੋਪੀ ਨਾਲ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਨੂੰ ਖ਼ਾਸ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਗਰਮੀ ਦਾ ਇਹ ਸਿਲਸਿਲਾ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਇਸ ਸਮੇਂ ਹਰ ਕੋਈ ਮੀਂਹ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਅੱਤ ਦੀ ਗਰਮੀ ਅਤੇ ਲੂ ਦੇ ਪ੍ਰਕੋਪ ਤੋਂ ਕੁੱਝ ਰਾਹਤ ਮਿਲ ਸਕੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਦੀ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਦਿਨ ਦੇ ਸਮੇਂ ਘਰਾਂ ਤੋਂ ਬਾਹਰ ਨਿਕਲਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਨਤਕ ਥਾਵਾਂ ’ਤੇ ਠੰਢੇ ਪਾਣੀ ਦੀ ਵਿਵਸਥਾ ਕੀਤੀ ਜਾਵੇ ਅਤੇ ਗਰਮੀ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਲੋਕ ਆਪਣੀ ਸਿਹਤ ਦਾ ਧਿਆਨ ਰੱਖ ਸਕਣ।