ਸਕੂਲਾਂ ’ਚ ਗੈਰ ਵਿੱਦਿਅਕ ਕੰਮ ਲੈਣ ਦਾ ਕੀਤਾ ਵਿਰੋਧ
ਸਿੱਖਿਆ ਕ੍ਰਾਂਤੀ ਦੇ ਦਮਗਜ਼ੇ
Publish Date: Thu, 05 Feb 2026 03:55 PM (IST)
Updated Date: Fri, 06 Feb 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਸਿੱਖਿਆ ਕ੍ਰਾਂਤੀ ਦੇ ਦਮਗਜ਼ੇ ਮਾਰਨ ਵਾਲੀ ਪੰਜਾਬ ਦੀ ਆਪ ਸਰਕਾਰ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਰੱਬ ਆਸਰੇ ਚੱਲ ਰਹੀ ਹੈ ਕਿਉਂਕਿ ਵੱਡੀ ਗਿਣਤੀ ਵਿਚ ਪ੍ਰੀਖਿਆ ਦੇ ਦਿਨਾਂ ਵਿਚ ਅਧਿਆਪਕ ਗੈਰਵਿੱਦਿਅਕ ਕੰਮਾਂ, ਬੀਐੱਲਓ ਡਿਊਟੀਆਂ ਵਿਚ ਲਗਾ ਰੱਖੇ ਹਨ। ਜਦੋਂ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਥੋੜ੍ਹੇ ਦਿਨ ਹੀ ਬਚੇ ਹਨ, ਉਸ ਸਮੇਂ ਵਿਦਿਆਰਥੀ ਆਪਣੀ ਦੁਹਰਾਈ ਲਈ ਅਧਿਆਪਕਾਂ ਦਾ ਰਾਹ ਦੇਖ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਸ ਫ਼ਰੰਟ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ ਜ਼ਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਕੀਤਾ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਘੋਲੀਆ, ਮੀਤ ਪ੍ਰਧਾਨ ਸਵਰਨਦਾਸ, ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਮੀਤ ਸਿੰਘ ਝੋਰੜਾਂ ਨੇ ਕਿਹਾ ਕਿ ਹੁਣ ਜਦੋਂ ਇਸ ਸਾਲ ਦਾ ਸੈਸ਼ਨ ਆਪਣੇ ਸਿਖ਼ਰ ’ਤੇ ਹੈ ਅਤੇ ਵਿਦਿਆਰਥੀਆਂ ਦੇ ਪੱਕੇ ਪੇਪਰ ਬਹੁਤ ਨੇੜੇ ਹਨ, ਉਸ ਸਮੇਂ ਵਿਭਾਗ ਵੱਲੋਂ ਅਧਿਆਪਕਾਂ ਨੂੰ ਸੈਮੀਨਾਰਾਂ ਅਤੇ ਮਦਰ ਵਰਕਸ਼ਾਪ ਵਰਗੇ ਕੰਮਾਂ ਵਿਚ ਉਲਝਾ ਕੇ ਵਿਦਿਆਰਥੀਆਂ ਤੋਂ ਦੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪਹਿਲਾ ਹੀ ਵੱਡੀ ਗਿਣਤੀ ਵਿਚ ਅਧਿਆਪਕ ਬੀਐੱਲਓ ਡਿਊਟੀਆਂ ਕਰਕੇ ਸਕੂਲੋਂ ਬਾਹਰ ਕੱਢੇ ਹੋਏ ਅਤੇ ਕੰਪਿਊਟਰ ਅਧਿਆਪਕ ਦਸ-ਦਸ ਲੱਖ ਵਾਲੇ ਹੈਲਥ ਕਾਰਡ ਬਣਾਉਣ ਅਤੇ ਤੀਰਥ ਯਾਤਰਾ ਦੀ ਰਜਿਸਟ੍ਰੇਸ਼ਨ ਕਰਨ ਵਿਚ ਉਲਝਾ ਰੱਖੇ ਹੋਏ ਹਨ। ਜ਼ਿਲ੍ਹਾ ਜੁਆਇੰਟ ਸਕੱਤਰ ਅਮਨਦੀਪ ਮਾਛੀਕੇ ਅਤੇ ਵਿੱਤ ਸਕੱਤਰ ਗੁਰਸ਼ਰਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰ ਬਣਨ ਸਾਰ ਕਿਹਾ ਸੀ ਕਿ ਅਧਿਆਪਕਾਂ ਤੋਂ ਪੜ੍ਹਾਈ ਤੋਂ ਬਿਨ੍ਹਾਂ ਹੋਰ ਕਿਸੇ ਵੀ ਪ੍ਰਕਾਰ ਦਾ ਗੈਰਵਿੱਦਿਅਕ ਕੰਮ ਨਹੀਂ ਲਿਆ ਜਾਵੇਗਾ ਪਰ ਉਨ੍ਹਾਂ ਦਾ ਇਹ ਐਲਾਨ ਸਿਰਫ਼ ਅਖ਼ਬਾਰੀ ਐਲਾਨ ਬਣ ਕੇ ਰਹਿ ਗਿਆ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਅਧਿਆਪਕਾਂ ਤੋਂ ਗੈਰਵਿੱਦਿਅਕ ਕੰਮ ਵਾਪਿਸ ਲੈ ਕੇ ਸਕੂਲਾਂ ’ਚ ਪੜ੍ਹਾਈ ਦਾ ਮਾਹੌਲ ਪੈਦਾ ਕਰੇ। ਇਸ ਮੌਕੇ ਜਗਜੀਤ ਸਿੰਘ ਰਣੀਆਂ, ਅਮਰਦੀਪ ਸਿੰਘ ਬੁੱਟਰ, ਸਵਰਨਜੀਤ ਸਿੰਘ ਭਗਤਾ, ਨਰਿੰਦਰ ਸਿੰਘ, ਮਧੂ ਬਾਲਾ, ਜਸਵਿੰਦਰ ਸਿੰਘ ਅਤੇ ਮਮਤਾ ਕੌਸ਼ਲ ਆਦਿ ਅਧਿਆਪਕ ਆਗੂ ਹਾਜ਼ਰ ਸਨ।